ਦੋਵੇਂ ਦੇਸ਼ਾਂ ਨੇ 2030 ਤਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਰਖਿਆ
ਪ੍ਰਵਾਸ ਅਤੇ ਗਤੀਸ਼ੀਲਤਾ ਸਾਂਝੇਦਾਰੀ ਸਮਝੌਤੇ ਨੂੰ ਮਜ਼ਬੂਤ ਕਰਨ ਦਾ ਫ਼ੈਸਲਾ
ਏਥਨਜ਼: ਭਾਰਤ ਅਤੇ ਯੂਨਾਨ ਨੇ ਸ਼ੁਕਰਵਾਰ ਨੂੰ ਅਪਣੇ ਸਬੰਧਾਂ ਨੂੰ ਰਣਨੀਤਕ ਸਾਂਝੇਦਾਰੀ ਦੇ ਪੱਧਰ ਤਕ ਵਧਾ ਦਿਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਯੂਨਾਨੀ ਹਮਰੁਤਬਾ ਕਿਰਿਆਕੋਸ ਮਿਤਸੋਤਾਕਿਸ ਨੇ ਵਿਸ਼ੇਸ਼ ਰੂਪ ’ਚ ਰਖਿਆ ਅਤੇ ਸੁਰਖਿਆ, ਵਪਾਰ ਅਤੇ ਉਭਰਦੀ ਤਕਨਾਲੋਜੀ ਦੇ ਖੇਤਰ ’ਚ ਸਬੰਧਾਂ ਨੂੰ ਇਕ ਨਵੀਂ ਗਤੀ ਦੇਣ ਦਾ ਅਹਿਦ ਪ੍ਰਗਟਾਇਆ।
ਮੋਦੀ ਨੇ ਕਿਹਾ ਕਿ ਦੋਵੇਂ ਧਿਰਾਂ ਨੇ 2030 ਤਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਵੀ ਰਖਿਆ ਹੈ ਅਤੇ ਦੋਹਾਂ ਦੇਸ਼ਾਂ ਵਿਚਕਾਰ ਕੁਸ਼ਲ ਪ੍ਰਵਾਸ ਸਹੂਲਤ ਲਈ ਛੇਤੀ ਹੀ ਇਕ ਪ੍ਰਵਾਸ ਅਤੇ ਗਤੀਸ਼ੀਲਤਾ ਸਾਂਝੇਦਾਰੀ ਸਮਝੌਤੇ ਨੂੰ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ ਹੈ।
ਉਨ੍ਹਾਂ ਨੇ ਯੂਨਾਨੀ ਹਮਰੁਤਬਾ ਨਾਲ ਅਪਣੀ ਗੱਲਬਾਤ ਤੋਂ ਬਾਅਦ ਕਿਹਾ, ‘‘ਪ੍ਰਧਾਨ ਮੰਤਰੀ ਮਿਤਸੋਤਾਕਿਸ ਅਤੇ ਮੈਂ ਭਾਰਤ-ਯੂਨਾਨ ਸਬੰਧਾਂ ਨੂੰ ਰਣਨੀਤਕ ਸਾਂਝੇਦਾਰੀ ਦੇ ਪੱਧਰ ’ਤੇ ਲੈ ਕੇ ਜਾਣ ਦਾ ਫੈਸਲਾ ਕੀਤਾ।’’
ਪ੍ਰਧਾਨ ਮੰਤਰੀ ਨੇ ਅਪਣੇ ਮੀਡੀਆ ਬਿਆਨ ’ਚ ਕਿਹਾ ਕਿ ਇਸ ਗੱਲ ਇਸ ਗੱਲ ’ਤੇ ਸਹਿਮਤੀ ਬਣੀ ਕਿ ਭਾਰਤ ਅਤੇ ਯੂਨਾਨ ਵਿਚਕਾਰ ਕੌਮੀ ਰਖਿਆ ਸਲਾਹਕਾਰਾਂ ਦੇ ਪੱਧਰ ’ਤੇ ਇਕ ਸੰਸਥਾਗਤ ਸੰਵਾਦ ਢਾਂਚਾ ਹੋਣਾ ਚਾਹੀਦਾ ਹੈ।
ਮੋਦੀ ਨੇ ਕਿਹਾ, ‘‘ਅਸੀਂ ਰਖਿਆ ਅਤੇ ਸੁਰਖਿਆ, ਬੁਨਿਆਦੀ ਢਾਂਚੇ, ਸਿਖਿਆ, ਨਵੀਂ ਅਤੇ ਉੱਭਰਦੀਆਂ ਤਕਨਾਲੋਜੀਆਂ ਅਤੇ ਖੇਤੀ ਦੇ ਖੇਤਰਾਂ ’ਚ ਸਹਿਯੋਗ ਨੂੰ ਹੱਲਾਸ਼ੇਰੀ ਦੇਣ ਦਾ ਫੈਸਲਾ ਕੀਤਾ ਹੈ।’’
ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਨੇ ਅਤਿਵਾਦ ਨਾਲ ਨਜਿੱਠਣ ਲਈ ਸਹਿਯੋਗ ਵਧਾਉਣ ’ਤੇ ਵੀ ਧਿਆਨ ਕੇਂਦਰ ਕੀਤਾ।
ਮੋਦੀ ਨੇ ਕਿਹਾ ਕਿ ਰਖਿਆ ਅਤੇ ਸੁਰਖਿਆ ਦੇ ਖੇਤਰ ’ਚ ਦੋਵੇਂ ਦੇਸ਼ ਫ਼ੌਜੀ ਸਬੰਧਾਂ ਤੋਂ ਇਲਾਵਾ ਰਖਿਆ ਤਕਨਾਲੋਜੀ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤ ਹੋਏ।
ਯੂਕਰੇਨ ਸੰਕਟ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਭਾਰਤ ਅਤੇ ਗ੍ਰੀਸ ਇਸ ਦੇ ਹੱਲ ਲਈ ਕੂਟਨੀਤੀ ਅਤੇ ਗੱਲਬਾਤ ਦਾ ਸਮਰਥਨ ਕਰਦੇ ਹਨ।
ਮਿਤਸੋਟਾਕਿਸ ਨੇ ਕਿਹਾ ਕਿ ਦੋਵੇਂ ਧਿਰਾਂ ਵੱਖ-ਵੱਖ ਚੁਣੌਤੀਆਂ ਨਾਲ ਨਜਿੱਠਣ ਲਈ ਅੱਗੇ ਵਧਣ ਲਈ ਤਿਆਰ ਹਨ, ‘‘ਖਾਸ ਕਰ ਕੇ ਯੂਕਰੇਨ ’ਚ ਗੜਬੜ ਅਤੇ ਯੁੱਧ ਦੇ ਸਮੇਂ ’ਚ।’’
ਉਨ੍ਹਾਂ ਅੱਗੇ ਕਿਹਾ, ‘‘ਹਾਲ ਹੀ ਦੇ ਸਾਲਾਂ ’ਚ ਸਾਡੇ ਸਬੰਧਾਂ ’ਚ ਕਾਫੀ ਸੁਧਾਰ ਹੋਇਆ ਹੈ ਅਤੇ ਅਰਥਵਿਵਸਥਾ, ਰਖਿਆ, ਸਭਿਆਚਾਰ ਅਤੇ ਸੈਰ-ਸਪਾਟਾ ਦੇ ਖੇਤਰਾਂ ’ਚ ਵਿਆਪਕ ਦੁਵੱਲੇ ਸਹਿਯੋਗ ਦੀ ਗੁੰਜਾਇਸ਼ ਹੈ।’’
ਯੂਨਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ‘ਗਰੈਂਡ ਕਰਾਸ ਆਫ਼ ਦ ਆਰਡਰ’ ਨਾਲ ਸਨਮਾਨਤ ਕੀਤਾ
ਏਥਨਜ਼: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ੁਕਰਵਾਰ ਨੂੰ ਯੂਨਾਨ ਦੀ ਰਾਸ਼ਟਰਪਤੀ ਕੈਟਰੀਨਾ ਐਨ. ਸਕੇਲਾਰੋਪੋਉਲੂ ਵਲੋਂ ‘ਗਰੈਂਡ ਕਰਾਸ ਆਫ਼ ਦ ਆਰਡਰ ਆਫ਼ ਆਨਰ’ ਨਾਲ ਸਨਮਾਨਤ ਕੀਤਾ ਗਿਆ। ਇਹ ਇਕ ਵਿਸ਼ੇਸ਼ ਸਨਮਾਨ ਹੈ ਜੋ ਭਾਰਤ-ਯੂਨਾਨ ਸਾਂਝੇਦਾਰੀ ਦੀ ਤਾਕਤ ਨੂੰ ਦਰਸਾਉਂਦਾ ਹੈ।
ਇਹ ਸਨਮਾਨ ਯੂਨਾਨ ਦੀ ਰਾਸ਼ਟਰਪਤੀ ਵਲੋਂ ਅਜਿਹੇ ਪ੍ਰਧਾਨ ਮੰਤਰੀਆਂ ਨੂੰ ਅਤੇ ਪਤਵੰਤਿਆਂ ਨੂੰ ਦਿਤਾ ਜਾਂਦਾ ਹੈ ਜਿਨ੍ਹਾਂ ਨੇ ਅਪਣੀ ਵਿਸ਼ੇਸ਼ ਅਹੁਦ ਕਾਰਨ ਯੂਨਾਨ ਦੇ ਕੱਦ ਨੂੰ ਵਧਾਉਣ ’ਚ ਯੋਗਦਾਨ ਦਿਤਾ ਹੈ।
ਮੋਦੀ ਨੇ ‘ਐਕਸ’ ’ਤੇ ਇਸ ਪੋਸਟ ’ਚ ਉਨ੍ਹਾਂ ਨੂੰ ‘ਗ੍ਰੈਂਡ ਕਰਾਸ ਆਫ਼ ਦਾ ਆਰਡਰ ਆਫ਼ ਆਨਰ’ ਨਾਲ ਸਨਮਾਨ ਕਰਨ ਲਈ ਰਾਸ਼ਟਰਪਤੀ ਸਾਕੇਲਾਰੋਪੋਉਲੂ ਅਤੇ ਯੂਨਾਨ ਦੀ ਸਰਕਾਰ ਅਤੇ ਲੋਕਾਂ ਦਾ ਧੰਨਵਾਦ ਕੀਤਾ।
ਇਸ ਸਨਮਾਨ ਦੀ ਸਥਾਪਨਾ 1975 ’ਚ ਕੀਤੀ ਗਈ ਸੀ। ਸਿਤਾਰੇ ’ਤੇ ਦੇਵੀ ਆਥੇਨਾ ਦੀ ਤਸਵੀਰ ਉਕਰੀ ਹੋਈ ਹੈ। ਇਸ ਦੇ ਨਾਲ ‘ਉਨਲੀ ਦੇ ਰਾਈਚਸ ਸ਼ੁਪ ਬੀ ਆਰਨਰਡ’ (ਸਿਰਫ਼ ਸੱਚ ਪ੍ਰਤੀ ਨਿਸ਼ਠਾਵਾਨ ਵਿਅਕਤੀਆਂ ਦਾ ਸਨਮਾਨ ਹੋਵੇ) ਉਕੇਰਿਆ ਹੋਇਆ ਹੈ।
ਚੰਦਰਯਾਨ-3 ਦੀ ਸਫ਼ਲਤਾ ਪੂਰੀ ਮਨੁੱਖਤਾ ਦੀ ਜਿੱਤ : ਮੋਦੀ
ਏਥਨਜ਼: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਨਾਨ ਦੀ ਰਾਸ਼ਟਰਪਤੀ ਕੈਟਰੀਨਾ ਐਨ ਸਕੇਲਾਰੋਪੋਉਲੂ ਨੂੰ ਕਿਹਾ ਕਿ ਚੰਦਰਯਾਨ-3 ਦੀ ਸਫ਼ਲਤਾ ਸਿਰਫ਼ ਭਾਰਤ ਦੀ ਹੀ ਨਹੀਂ, ਬਲਕਿ ਪੂਰੀ ਮਨੁੱਖਤਾ ਦੀ ਜਿੱਤ ਹੈ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ ਮੁਹਿੰਮ ਦੀ ਸਫ਼ਲਤਾ ’ਤੇ ਯੂਨਾਨੀ ਰਾਸ਼ਟਰਪਤੀ ਵਲੋਂ ਦਿਤੀਆਂ ਸ਼ੁਭਕਾਮਨਾਵਾਂ ਲਈ ਧਨਵਾਦ ਪ੍ਰਗਟਾਇਆ।
ਭਾਰਤ ਦੇ ਸਫਲ ਚੰਦਰਮਾ ਮਿਸ਼ਨ ਲਈ ਸਾਕੇਲਾਰੋਪੋਲੂ ਦੀਆਂ ਇੱਛਾਵਾਂ ਦੇ ਜਵਾਬ ’ਚ ਮੋਦੀ ਨੇ ਕਿਹਾ, ‘‘ਚੰਦਰਯਾਨ-3 ਦੀ ਸਫਲਤਾ ਸਿਰਫ਼ ਭਾਰਤ ਦੀ ਜਿੱਤ ਨਹੀਂ ਹੈ, ਇਹ ਪੂਰੀ ਮਨੁੱਖ ਜਾਤੀ ਦੀ ਜਿੱਤ ਹੈ।’’
ਉਨ੍ਹਾਂ ਕਿਹਾ, ‘‘ਚੰਦਰਯਾਨ-3 ਮਿਸ਼ਨ ਰਾਹੀਂ ਇਕੱਠੇ ਕੀਤੇ ਗਏ ਅੰਕੜਿਆਂ ਦੇ ਨਤੀਜੇ ਸਮੁੱਚੇ ਵਿਗਿਆਨਕ ਭਾਈਚਾਰੇ ਅਤੇ ਮਨੁੱਖਤਾ ਦੀ ਮਦਦ ਕਰਨਗੇ।’’
ਦੋਹਾਂ ਆਗੂਆਂ ਨੇ ਭਾਰਤ-ਯੂਨਾਨ ਦੋਸਤੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਵੀ ਚਰਚਾ ਕੀਤੀ।
‘ਐਕਸ’ ’ਤੇ ਇਕ ਪੋਸਟ ’ਚ, ਮੋਦੀ ਨੇ ਕਿਹਾ, ‘‘ਏਥਨਜ਼ ’ਚ ਰਾਸ਼ਟਰਪਤੀ ਕੈਟਰੀਨਾ ਸਾਕੇਲਾਰੋਪੋਉਲੂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਅਸੀਂ ਕਈ ਮੁੱਦਿਆਂ ’ਤੇ ਚਰਚਾ ਕੀਤੀ ਜੋ ਭਾਰਤ-ਯੂਨਾਨ ਦੋਸਤੀ ਨੂੰ ਮਜ਼ਬੂਤ ਕਰਨਗੇ। ਅਸੀਂ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ’ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਚੰਦਰਯਾਨ-3 ਦੀ ਸਫਲਤਾ ’ਤੇ ਭਾਰਤ ਨੂੰ ਵਧਾਈ ਦਿਤੀ।’’
ਵਿਦੇਸ਼ ਮੰਤਰਾਲੇ ਨੇ ‘ਐਕਸ’ ’ਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਸਾਕੇਲਾਰੋਪੋਲੂ ਨੇ ਲੋਕਤੰਤਰ ਦੇ ਸਾਂਝੇ ਮੁੱਲਾਂ, ਚੰਦਰਯਾਨ ਮਿਸ਼ਨ ਦੀ ਸਫਲਤਾ, ਔਰਤਾਂ ਦੀ ਅਗਵਾਈ ਵਾਲੇ ਵਿਕਾਸ, ਭਾਰਤ ਦੀ ਜੀ-20 ਦੀ ਪ੍ਰਧਾਨਗੀ ਅਤੇ ਦੁਵੱਲੇ ਸਬੰਧਾਂ ਨੂੰ ਡੂੰਘਾ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ।