
ਕਿਹਾ, ਸਥਿਰ ਅਤੇ ਸਿਹਤਮੰਦ ਚੀਨ-ਭਾਰਤ ਸਬੰਧ ਦੋਹਾਂ ਦੇਸ਼ਾਂ ਅਤੇ ਲੋਕਾਂ ਦੇ ਹਿੱਤ ’ਚ
ਕੋਲਕਾਤਾ: ਏਸ਼ੀਆਈ ਖੇਡਾਂ ’ਚ ਅਰੁਣਾਂਚਲ ਪ੍ਰਦੇਸ਼ ਦੀਆਂ ਤਿੰਨ ਖਿਡਾਰਨਾਂ ਨੂੰ ਵੀਜ਼ਾ ਨਾ ਦੇਣ ਦੇ ਚੀਨ ਦੇ ਫੈਸਲੇ ਵਿਚਕਾਰ ਚੀਨ ਦੇ ਰਾਜਦੂਤ ਝਾ ਲਿਊ ਨੇ ਦੋਹਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਅਪੀਲ ਕੀਤੀ।
ਕੋਲਕਾਤਾ ’ਚ ਚੀਨੀ ਕੌਂਸਲ ਜਨਰਲ ਦੂਤ ਲਿਊ ਨੇ ਕਿਹਾ ਕਿ ਇਸ ਵੇਲੇ ਦੋਹਾਂ ਦੇਸ਼ਾਂ ਵਿਚਕਾਰ ਸਬੰਧ ‘ਸਥਿਰ ਹਨ ਅਤੇ ਦੋਹਾਂ ਦੇਸ਼ਾਂ ਦੇ ਆਗੂ ਗੱਲਬਾਤ ਅਤੇ ਸੰਚਾਰ ਰਖਦੇ ਹਨ।’
ਲਿਊ ਨੇ ‘ਪੀਪਲਜ਼ ਰਿਪਬਲਿਕ ਆਫ਼ ਚਾਈਨਾ’ ਦੀ ਸਥਾਪਨਾ ਦੀ 74ਵੀਂ ਵਰ੍ਹੇਗੰਢ ’ਤੇ ਕਰਵਾਏ ਇਕ ਪ੍ਰੋਗਰਾਮ ’ਚ ਕਿਹਾ, ‘‘ਚੀਨ ਦੋਹਾਂ ਦੇਸ਼ਾਂ ਦੇ ਆਗੂਆਂ ਵਿਚਕਾਰ ਬਣੀ ਸਹਿਮਤੀ ’ਤੇ ਕੰਮ ਅੱਗੇ ਵਧਾਉਣ, ਗੱਲਬਾਤ ਅਤੇ ਸੰਚਾਰ ਨੂੰ ਮਜ਼ਬੂਤ ਕਰਨ, ਦਖ਼ਲਅੰਦਾਜ਼ੀ ਸਬੰਧੀ ਮੁਸ਼ਕਲਾਂ ਨੂੰ ਦੂਰ ਕਰਨ ਅਤੇ ਦੁਵੱਲੇ ਸਬੰਧਾਂ ਨੂੰ ਹੱਲਾਸ਼ੇਰੀ ਦੇਣ ਲਈ ਭਾਰਤ ਨਾਲ ਕੰਮ ਕਰਨ ਨੂੰ ਤਿਆਰ ਹੈ।’’
ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ ਵਿਸ਼ਵ ਸ਼ਾਂਤੀ ਦੇ ਨਿਰਮਾਤਾ ਵਜੋਂ, ਕੌਮਾਂਤਰੀ ਵਿਕਾਸ ’ਚ ਸਹਿਯੋਗ ਜ਼ਰੀਏ ਅਤੇ ਵਿਆਪਕ ਦ੍ਰਿਸ਼ਟੀਕੋਣ ਨਾਲ ਕੌਮਾਂਤਰੀ ਵਿਵਸਥਾ ਦੀ ਰਾਖੀ ਲਈ ਭਾਰਤ ਸਮੇਤ ਸਾਰਿਆਂ ਨਾਲ ਕੰਮ ਕਰਨ ਦਾ ਇੱਛੁਕ ਹੈ।
ਚੀਨ ਦੇ ਰਾਜਦੂਤ ਨੇ ਕਿਹਾ, ‘‘ਸਥਿਰ ਅਤੇ ਸਿਹਤਮੰਦ ਚੀਨ-ਭਾਰਤ ਸਬੰਧ ਦੋਹਾਂ ਦੇਸ਼ਾਂ ਅਤੇ ਲੋਕਾਂ ਦੇ ਹਿੱਤ ’ਚ ਹਨ। ਦੋਹਾਂ ਦੇਸ਼ਾਂ ਦਾ ਸਾਂਝਾ ਵਿਕਾਸ ਅਤੇ ਉਭਾਰ ਏਸ਼ੀਆ ਅਤੇ ਦੁਨੀਆਂ ਦੇ ਭਵਿੱਖ ਨਾਲ ਜੁੜਿਆ ਹੈ।’’
ਏਸ਼ੀਆਈ ਖੇਡਾਂ ਲਈ ਤਿੰਨ ਖਿਡਾਰੀਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਨ ਬਾਰੇ ਪੁੱਛੇ ਜਾਣ ’ਤੇ ਲਿਊ ਨੇ ਕਿਹਾ, ‘‘ਏਸ਼ੀਆਈ ਖੇਡਾਂ ਸਾਡੇ ਸਾਰਿਆਂ ਦਾ ਖੇਡ ਹੈ। ਅਸੀਂ ਪ੍ਰਵਾਰ ਹਾਂ। ਇਹ ਦੁਵੱਲਾ ਮੁੱਦਾ ਹੈ ਅਤੇ ਮੈਂ ਤੁਹਾਨੂੰ ਚੀਨ ਦੇ ਸਫ਼ਾਰਤਖ਼ਾਨੇ ਨਾਲ ਸੰਪਰਕ ਕਰਨ ਦੀ ਅਪੀਲ ਕਰਦਾ ਹਾਂ।’’
ਚੀਨ ਵਲੋਂ ਨੇਮਾਨ ਵਾਂਗਸੂ, ਓਨਿਲੂ ਟੇਗਾ ਅਤੇ ਮੇਪੁੰਗ ਲਾਮਗੂ ਨੂੰ ਵੀਜ਼ਾ ਨਾ ਦਿਤੇ ਜਾਣ ਤੋਂ ਬਾਅਦ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵਿਰੋਧ ਵਜੋਂ ਹਾਂਗਝੋਊ ਦਾ ਅਪਣਾ ਦੌਰਾ ਰੱਦ ਕਰ ਦਿਤਾ ਸੀ।
ਵੁਸ਼ੂ ਮੁਕਾਬਲੇ ਐਤਵਾਰ ਨੂੰ ਸ਼ੁਰੂ ਹੋ ਗਈ ਅਤੇ ਲਾਗਮੂ ਅਪਣੀਆਂ ਔਰਤਾਂ ਦੀ ਚਾਂਗਕਵਾਨ ਮੁਕਾਬਲੇ ’ਚ ਸ਼ੁਰੂਆਤ ਨਹੀਂ ਕਰ ਸਕੀ ਜਦਕਿ ਟੇਗਾ ਦਾ ਨਾਂ ਵੀ ਔਰਤਾਂ ਦੀ 52 ਕਿਲੋਗ੍ਰਾਮ ਮੁਕਾਬਲੇ ਦੇ ਪ੍ਰੀ ਕੁਆਰਟਰ ਫ਼ਾਈਨਲ ’ਚ ਨਹੀਂ ਸੀ।