ਕੋਇਟਾ ਅਤੇ ਪੇਸ਼ਾਵਰ ਵਿਚ ਰੈਲੀਆਂ 'ਤੇ ਹੋ ਸਕਦੈ ਅਤਿਵਾਦੀ ਹਮਲਾ : ਸੁਰੱਖਿਆ ਵਿਭਾਗ
ਜੇਕਰ ਕੁਝ ਹੁੰਦਾ ਹੈ ਤਾਂ ਸੂਬਾ ਸਰਕਾਰ ਉਸ ਲਈ ਜ਼ਿੰਮੇਵਾਰ ਹੋਵੇਗੀ : ਮਰੀਅਮ
ਕਰਾਚੀ, 25 ਅਕਤੂਬਰ : ਸੁਰੱਖਿਆ ਖ਼ਤਰੇ ਦੇ ਬਾਵਜੂਦ ਪਾਕਿਸਤਾਨ ਦੇ ਮੁੱਖ ਵਿਰੋਧੀ ਦਲਾਂ ਦੇ ਮਹਾਂਗੱਠਜੋੜ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਗੱਦੀਉ ਲਾਹੁਣ ਦੇ ਅਭਿਆ ਤਹਿਤ ਐਤਵਾਰ ਨੂੰ ਕੋਇਟਾ ਵਿਚ ਸਰਕਾਰ ਵਿਰੋਧੀ ਰੈਲੀ ਦੀ ਦਿਸ਼ਾ ਵਿਚ ਅੱਗੇ ਵਧਣ ਦਾ ਫ਼ੈਸਲਾ ਕੀਤਾ ਹੈ। ਵਿਰੋਧੀ ਗੱਠਜੋੜ ਨੇ ਦੋਸ਼ ਲਗਾਇਆ ਹੈ ਕਿ ਇਮਰਾਨ ਨੂੰ ਫ਼ੌਜ ਨੇ ਦੋ ਸਾਲ ਪਹਿਲਾਂ ਚੋਣਾਂ ਵਿਚ ਗੜਬੜ ਕਰ ਕੇ ਸੱਤਾ 'ਤੇ ਬਿਠਾਇਆ ਸੀ। ਗਿਆਰਾਂ ਦਲਾਂ ਦਾ ਪਾਕਿਸਤਾਨ ਡੈਮੋਕ੍ਰੇਟਿਕ ਮੁਵਮੈਂਟ (ਪੀਡੀਐਮ) ਨਾਮਕ ਇਹ ਗੱਠਜੋੜ 20 ਸਤੰਬਰ ਨੂੰ ਹੋਂਦ ਵਿਚ ਆਇਆ ਸੀ। ਗੱਠਜੋੜ ਵਿਚ ਸ਼ਾਮਲ ਦਲ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਵਿਚ ਇਸ ਮਹੀਨੇ ਤੀਜੀ ਵਾਰ ਰੈਲੀ ਕਰੇਗਾ। ਇਸ ਤੋਂ ਪਹਿਲਾਂ ਇਹ ਗੱਠਜੋੜ ਇਸ ਮਹੀਨੇ ਗੁਜਰਾਂਵਾਲਾ ਅਤੇ ਕਰਾਚੀ ਵਿਚ ਸਫ਼ਲ ਸ਼ਕਤੀ ਪ੍ਰਦਰਸ਼ਨ ਕਰ ਚੁੱਕਾ ਹੈ। ਰਾਸ਼ਟਰੀ ਅਤਿਵਾਦ-ਰੋਧੀ ਵਿਭਾਗ ਨੇ ਸੁਰੱਖਿਆ ਅਲਰਟ ਜਾਰੀ ਕੀਤੀ ਅਤੇ ਚਿਤਾਵਨੀ ਦਿਤੀ ਕਿ ਉਸ ਨੂੰ ਪੱਕੀ ਸੂਚਨਾ ਮਿਲੀ ਹੈ ਕਿ ਕਵੇਟਾ ਅਤੇ ਪੇਸ਼ਾਵਰ ਵਿਚ ਵਿਰੋਧੀ ਰੈਲੀਆਂ ਨੂੰ ਅਤਿਵਾਦੀ ਨਿਸ਼ਾਨਾ ਬਣਾ ਸਕਦੇ ਹਨ। ਬਲੋਚਿਸਤਾਨ ਸਰਕਾਰ ਦੇ ਬੁਲਾਰੇ ਲਿਆਕਤ ਅਲੀ ਸ਼ਾਹਵਾਨੀ ਨੇ ਸ਼ੁਕਰਵਾਰ ਨੂੰ ਮੀਡੀਆ ਨੂੰ ਕਿਹਾ ਕਿ ਖ਼ਤਰੇ ਦੇ ਅਲਰਟ ਕਾਰਨ ਵਿਰੋਧੀ ਦਲਾਂ ਨੂੰ ਰੈਲੀ ਮੁਲਤਵੀ ਕਰ ਦੇਣੀ ਚਾਹੀਦੀ ਹੈ।
ਪੀਡੀਐਮ ਆਗੂਆਂ ਨੇ ਇਸ ਅਪੀਲ ਨੂੰ ਖ਼ਾਰਜ ਕਰ ਦਿਤਾ। ਪੀਡੀਐਮ ਪ੍ਰਧਾਨ ਅਤੇ ਜ਼ਮੀਅਤ ਉਲੇਮਾ-ਏ-ਇਸਲਾਮ ਫ਼ਜ਼ਲ ਦੇ ਪ੍ਰਮੁਖ ਮੌਲਾਨਾ ਫ਼ਜ਼ਲੁਰ ਰਹਿਮਾਨ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਕਾਨੂੰਨ ਵਿਵਸਥਾ ਸੰਭਾਲਣ ਵਿਚ ਅਸਫ਼ਲ ਹੈ ਤਾਂ ਉਹ ਬੋਰੀਆ ਬਿਸਤਰ ਸਮੇਟ ਲਵੇ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਨੇ ਕਿਹਾ,''ਜੇਕਰ ਕੁਝ ਹੁੰਦਾ ਹੈ ਤਾਂ ਸੂਬਾ ਸਰਕਾਰ ਉਸ ਲਈ ਜ਼ਿੰਮੇਵਾਰ ਹੋਵੇਗੀ।'' (ਪੀਟੀਆਈ)