
ਕਿਹਾ- ਕੈਨੇਡਾ ਨੇ ਭਾਰਤ ਦੀ ਪਿੱਠ ਵਿਚ ਛੁਰਾ ਮਾਰਿਆ
Indian High Commissioner Sanjay Verma News in punjabi : ਕੈਨੇਡਾ ਦੇ ਰਵਈਏ ਨੂੰ ਬੇਹੱਦ ਮਾੜਾ ਦੱਸਦੇ ਹੋਏ ਉਥੋਂ ਵਾਪਸ ਬੁਲਾਏ ਗਏ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਨੇ ਕਿਹਾ ਕਿ ਜਿਸ ਦੇਸ਼ ਨੂੰ ਅਸੀਂ ਦੋਸਤਾਨਾ ਲੋਕਤੰਤਰੀ ਦੇਸ਼ ਮੰਨਦੇ ਹਾਂ, ਉਸ ਨੇ ਭਾਰਤ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਅਤੇ ਬੇਹੱਦ ਗ਼ੈਰ ਪੇਸ਼ੇਵਰ ਰਵਈਆ ਅਪਣਾਇਆ।
ਕੈਨੇਡਾ ਨੇ ਅਪਣੇ ਨਾਗਰਿਕ ਅੇਤ ਭਾਰਤ ਵਲੋਂ ਖ਼ਾਲਿਸਤਾਨੀ ਅਤਿਵਾਦੀ ਐਲਾਨੇ ਗਏ ਹਰਦੀਪ ਸਿੰਘ ਨਿੱਝਰ ਦੇ ਜੂਨ 2023 ਵਿਚ ਹੋਏ ਕਤਲ ਮਾਮਲੇ ਵਿਚ ਪਿਛਲੇ ਹਫ਼ਤੇ ਕਿਹਾ ਸੀ ਕਿ ਵਰਮਾ ਇਸ ਮਾਮਲੇ ਵਿਚ ਜਾਂਚ ਅਧੀਨ ‘ਨਿਗਰਾਨੀ ਦੀ ਸ਼੍ਰੇਣੀ’ ਵਿਚ ਹਨ। ਇਸ ਮਾਮਲੇ ਵਿਚ ਕੈਨੇਡਾ ਅੱਗੇ ਕੋਈ ਕਾਰਵਾਈ ਕਰਦਾ, ਉਸ ਤੋਂ ਪਹਿਲਾਂ ਭਾਰਤ ਨੇ ਵਰਮਾ ਅਤੇ ਪੰਜ ਹੋਰ ਡਿਪਲੋਮੈਟਾਂ ਨੂੰ ਉਥੋਂ ਵਾਪਸ ਬੁਲਾ ਲਿਆ।
ਵਰਮਾ ਨੇ ਭਾਰਤ ਪਰਤਣ ਤੋਂ ਬਾਅਦ ਅਪਣੇ ਪਹਿਲੇ ਇੰਟਰਵਿਊ ਵਿਚ ਕਿਹਾ, “ਇਹ ਬਹੁਤ ਦੁਖਦਾਈ ਹੈ। ਇਹ ਦੁਵੱਲੇ ਸਬੰਧਾਂ ਪ੍ਰਤੀ ਸਭ ਤੋਂ ਗ਼ੈਰ-ਪੇਸ਼ੇਵਰ ਰਵਈਆ ਹੈ। ਕਿਸੇ ਵੀ ਡਿਪਲੋਮੈਟ ਕੋਲ ਡਿਪਲੋਮੈਟਿਕ ਸਾਧਨ ਹੁੰਦੇ ਹਨ। ਕਿਸੇ ਦੇਸ਼ ਦੇ ਚੋਟੀ ਦੇ ਡਿਪਲੋਮੈਟ ਅਤੇ ਹੋਰ ਡਿਪਲੋਮੈਟਾਂ ਤੋਂ ਪੁਛ ਗਿਛ ਕਰਨ ਦੀ ਬਜਾਏ ਇਹ ਸਾਧਨ ਵਰਤੇ ਜਾ ਸਕਦੇ ਸਨ।’ ਵਰਮਾ ਦਾ ਇਹ ਇੰਟਰਵਿਊ ਬੁਧਵਾਰ ਨੂੰ ਰਿਕਾਰਡ ਕੀਤਾ ਗਿਆ ਸੀ। ਇਸ ਦੌਰਾਨ ਗੱਲਬਾਤ ਕਰਦਿਆਂ ਵਰਮਾ ਨੇ ਕੈਨੇਡਾ ਵਿਚ ਖ਼ਾਲਿਸਤਾਨੀ ਲਹਿਰ, ਖ਼ਾਲਿਸਤਾਨ ਸਮਰਥਕਾਂ ਨੂੰ ਸਿਆਸੀ ਫ਼ਾਇਦੇ ਲਈ ਸਥਾਨਕ ਨੇਤਾਵਾਂ ਤੋਂ ਮਿਲ ਰਹੀ ਮਦਦ ਅਤੇ ਖ਼ਾਲਿਸਤਾਨੀਆਂ ਦੀਆਂ ਅਪਰਾਧਿਕ ਗਤੀਵਿਧੀਆਂ ਆਦਿ ਬਾਰੇ ਵਿਸਥਾਰ ਨਾਲ ਗੱਲ ਕੀਤੀ।
ਉਨ੍ਹਾਂ ਕਿਹਾ, ‘ਜੋ ਬੱਚਾ ਸਭ ਤੋਂ ਵੱਧ ਰੋਂਦਾ ਹੈ, ਮਾਂ ਸਭ ਤੋਂ ਪਹਿਲਾਂ ਉਸ ਦਾ ਪੇਟ ਭਰਦੀ ਹੈ। ਇਸੇ ਤਰ੍ਹਾਂ, ਉਨ੍ਹਾਂ ਲੋਕਾਂ (ਖ਼ਾਲਿਸਤਾਨ ਸਮਰਥਕ) ਦੀ ਗਿਣਤੀ ਮੁੱਠੀ ਭਰ ਹੀ ਹੈ, ਪਰ ਉਹ ਸਭ ਤੋਂ ਵੱਧ ਰੌਲਾ ਪਾਉਂਦੇ ਹਨ ਅਤੇ ਕੈਨੇਡੀਅਨ ਲੀਡਰਾਂ ਦਾ ਸਭ ਤੋਂ ਵੱਧ ਧਿਆਨ ਖਿੱਚਦੇ ਹਨ।’’
ਵਰਮਾ ਨੇ ਕਿਹਾ ਕਿ ਕੈਨੇਡਾ ਵਿਚ ਕੱਟੜਪੰਥੀ ਖ਼ਾਲਿਸਤਾਨੀਆਂ ਦੀ ਗਿਣਤੀ ਸਿਰਫ਼ 10,000 ਦੇ ਕਰੀਬ ਹੈ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਗਿਣਤੀ ਸ਼ਾਇਦ ਅੱਠ ਲੱਖ ਦੇ ਕਰੀਬ ਸਿੱਖ ਅਬਾਦੀ ਵਿਚੋਂ ਇਕ ਲੱਖ ਹੈ। ਉਨ੍ਹਾਂ ਕਿਹਾ, ‘‘ਉਹ ਉਥੇ ਸਮਰਥਨ ਹਾਸਲ ਕਰਨ ਲਈ ਆਮ ਸਿੱਖਾਂ ਨੂੰ ਧਮਕਾਉਂਦੇ ਹਨ।’’
ਵਰਮਾ ਨੇ ਕਿਹਾ, “ਖ਼ਾਲਿਸਤਾਨੀਆਂ ਨੇ ਕੈਨੇਡਾ ਵਿਚ ਖ਼ਾਲਿਸਤਾਨ ਨੂੰ ਇਕ ਕਾਰੋਬਾਰ ਬਣਾ ਲਿਆ ਹੈ। ਖ਼ਾਲਿਸਤਾਨ ਦੇ ਨਾਂ ’ਤੇ ਉਹ ਮਨੁੱਖੀ ਤਸਕਰੀ, ਨਸ਼ਿਆਂ ਦੀ ਤਸਕਰੀ, ਹਥਿਆਰਾਂ ਦੀ ਤਸਕਰੀ ਅਤੇ ਅਜਿਹੇ ਸਾਰੇ ਕੰਮ ਕਰਦੇ ਹਨ। ਉਹ ਇਸ ਤੋਂ ਅਤੇ ਗੁਰਦੁਆਰਿਆਂ ਰਾਹੀਂ ਬਹੁਤ ਸਾਰਾ ਪੈਸਾ ਇਕੱਠਾ ਕਰਦੇ ਹਨ ਅਤੇ ਇਸ ਦਾ ਕੁਝ ਹਿੱਸਾ ਅਪਣੇ ਸਾਰੇ ਨਾਪਾਕ ਕੰਮਾਂ ਵਿਚ ਖ਼ਰਚ ਕਰਦੇ ਹਨ।
ਉਨ੍ਹਾਂ ਕਿਹਾ ਕਿ ਕੈਨੇਡਾ ਦੀ ਕਮਜ਼ੋਰ ਕਾਨੂੰਨੀ ਪ੍ਰਣਾਲੀ ਕਾਰਨ ਖ਼ਾਲਿਸਤਾਨੀ ਅਤਿਵਾਦੀਆਂ ਅਤੇ ਕੱਟੜਪੰਥੀਆਂ ਨੂੰ ਉੱਥੇ ਪਨਾਹ ਮਿਲੀ ਹੋਈ ਹੈ। ਵਰਮਾ ਨੇ ਕਿਹਾ, ‘‘ਨਿੱਝਰ ਸਾਡੇ ਲਈ ਅਤਿਵਾਦੀ ਸੀ ਪਰ ਲੋਕਤੰਤਰ ਵਿਚ ਨਿਆਂ ਪ੍ਰਣਾਲੀ ਤੋਂ ਬਾਹਰ ਕੋਈ ਵੀ ਕਾਰਵਾਈ ਗ਼ਲਤ ਹੈ, ਸੱਚ ਸਾਹਮਣੇ ਆਉਣਾ ਚਾਹੀਦਾ ਹੈ।’’