1962 ਭਾਰਤ-ਚੀਨ ਜੰਗ ਦੇ ਮਹਾਨ ਯੋਧੇ ਸੂਬੇਦਾਰ ਜੋਗਿੰਦਰ ਸਿੰਘ
ਚੰਡੀਗੜ੍ਹ (ਸ਼ਾਹ): ਸੰਨ 1962 ਦੀ ਭਾਰਤ-ਚੀਨ ਜੰਗ ਦੌਰਾਨ ਆਪਣੀ ਮਾਤਭੂਮੀ ਦੀ ਰੱਖਿਆ ਲਈ ਆਪਣੇ ਪ੍ਰਾਣ ਨਿਛਾਵਰ ਕਰਨ ਵਾਲੇ ਭਾਰਤੀ ਫ਼ੌਜ ਦੇ ਸੂਬੇਦਾਰ ਜੋਗਿੰਦਰ ਸਿੰਘ ਦੀ ਵੀਰਤਾ ਭਰੀ ਦਾਸਤਾਨ ਸੁਣ ਕੇ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ, ਜਿਸ ਨੇ ਇਕੱਲਿਆਂ ਹੀ 200 ਚੀਨੀ ਫ਼ੌਜੀਆਂ ਦੇ ਛੱਕੇ ਛੁਡਾ ਦਿੱਤੇ ਸੀ। ਉਨ੍ਹਾਂ ਦੀ ਬਹਾਦਰੀ ਨੂੰ ਚੀਨ ਨੇ ਵੀ ਸਲਾਮ ਕੀਤਾ ਸੀ। ਸੋ ਆਓ ਤੁਹਾਨੂੰ ਦੱਸਦੇ ਹਾਂ, ਭਾਰਤ ਮਾਂ ਦੇ ਲਾਲ ਸੂਬੇਦਾਰ ਜੋਗਿੰਦਰ ਸਿੰਘ ਦੀ ਵੀਰਗਾਥਾ।
ਸੂਬੇਦਾਰ ਜੋਗਿੰਦਰ ਸਿੰਘ, ਭਾਰਤੀ ਫ਼ੌਜ ਦੇ ਇਤਿਹਾਸ ਦਾ ਉਹ ਯੋਧਾ, ਜੋ ਚੀਨ ਦੇ ਖ਼ਿਲਾਫ਼ ਲੜਿਆ ਅਤੇ ਉਨ੍ਹਾਂ ਦੀ ਬਹਾਦਰੀ ਨੂੰ ਚੀਨ ਤੱਕ ਨੇ ਸਲਾਮ ਕੀਤਾ। ਉਨ੍ਹਾਂ ਨੇ ਦੁਨੀਆ ਨੂੰ ਅਸਲ ਰੂਪ ਵਿਚ ਦਿਖਾਇਆ ਕਿ ‘ਸਾਹਸ’ ਕਿਸ ਨੂੰ ਕਹਿੰਦੇ ਹਨ। 1962 ਦੀ ਭਾਰਤ-ਚੀਨ ਜੰਗ ਦੌਰਾਨ ਬੁਮ ਲਾ ਦੱਰੇ ਦੇ ਆਖ਼ਰੀ ਸਟੈਂਡ ’ਤੇ 30 ਸਿੱਖ ਫ਼ੌਜੀਆਂ ਨੇ 600 ਚੀਨੀ ਫ਼ੌਜੀਆਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਆਪਣੀ ਆਖ਼ਰੀ ਗੋਲੀ, ਆਖ਼ਰੀ ਸਾਹ ਅਤੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਆਖ਼ਰੀ ਜੈਕਾਰੇ ਤੱਕ ਲੜਦੇ ਰਹੇ। 63 ਸਾਲ ਬਾਅਦ ਅੱਜ ਵੀ ਇਸ ਵੀਰਗਾਥਾ ਨੂੰ ਸੁਣ ਕੇ ਅੱਜ ਵੀ ਹਰ ਕਿਸੇ ਦੀ ਰੂਹ ਕੰਬ ਉਠਦੀ ਹੈ।
ਸੂਬੇਦਾਰ ਜੋਗਿੰਦਰ ਸਿੰਘ ਦਾ ਜਨਮ 26 ਸਤੰਬਰ 1921 ਨੂੰ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਵਿਚ ਪੈਂਦੇ ਪਿੰਡ ਮੇਹਲਾਂ ਕਲਾਂ ਵਿਖੇ ਕਿਸਾਨ ਸ਼ੇਰ ਸਿੰਘ ਦੇ ਘਰ ਅਤੇ ਮਾਤਾ ਕ੍ਰਿਸ਼ਨ ਕੌਰ ਦੀ ਕੁੱਖੋਂ ਹੋਇਆ। ਉਹ ਮੂਲ ਤੌਰ ’ਤੇ ਹੁਸ਼ਿਆਰਪੁਰ ਦੇ ਪਿੰਡ ਮੁਨਕਾ ਤੋਂ ਆ ਕੇ ਇੱਥੇ ਵਸੇ ਹੋਏ ਸੀ। ਉਨ੍ਹਾਂ ਆਪਣੀ ਮੁਢਲੀ ਪੜ੍ਹਾਈ ਪਿੰਡ ਨੱਥੂ ਆਲਾ ਦੇ ਪ੍ਰਾਇਮਰੀ ਸਕੂਲ ਅਤੇ ਫਿਰ ਪਿੰਡ ਦਰੌਲੀ ਦੇ ਮਿਡਲ ਸਕੂਲ ਤੋਂ ਕੀਤੀ। ਉਹ 28 ਸਤੰਬਰ 1936 ਨੂੰ ਸਿੱਖ ਰੈਜੀਮੈਂਟ ਵਿਚ ਸਿਪਾਹੀ ਦੇ ਤੌਰ ’ਤੇ ਭਰਤੀ ਹੋਏ ਸੀ। ਉਨ੍ਹਾਂ ਦਾ ਵਿਆਹ ਕੋਟਕਪੂਰਾ ਦੇ ਪਿੰਡ ਕੋਠੇ ਰਾਰਾ ਸਿੰਘ ਦੀ ਰਹਿਣ ਵਾਲੀ ਗੁਰਦਿਆਲ ਕੌਰ ਦੇ ਨਾਲ ਹੋਇਆ ਸੀ।
ਇਹ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ, ਜਦੋਂ ਸੂਬੇਦਾਰ ਜੋਗਿੰਦਰ ਸਿੰਘ ਨੂੰ ਅਤੇ ਉਨ੍ਹਾਂ ਦੇ 29 ਸਾਥੀਆਂ ਨੂੰ ਹਰ ਕੀਮਤ ’ਤੇ ਤਵਾਂਗ ਦੇ ਪ੍ਰਵੇਸ਼ ਦੁਆਰ ਬੁਮ ਲਾ ਦੱਰੇ ਦੇ ਰਿੱਜ ’ਤੇ ਕਬਜ਼ਾ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਸਿੱਖ ਫ਼ੌਜੀਆਂ ਦੀ ਇਸ ਟੁਕੜੀ ਕੋਲ ਸਿਰਫ਼ 4 ਦਿਨ ਦਾ ਰਾਸ਼ਣ ਸੀ, ਉਪਰੋਂ ਰਬੜ੍ਹ ਦੇ ਜੁੱਤਿਆਂ ਨਾਲ ਜੰਗਲ ਨੂੰ ਪਾਰ ਕਰਨਾ, ਹੱਡ ਜਮਾਅ ਕੇ ਰੱਖ ਦੇਣ ਵਾਲੀ ਜ਼ੀਰੋ ਡਿਗਰੀ ਵਾਲੀ ਠੰਡ ਪੈ ਰਹੀ ਸੀ, ਪਰ ਇਹ ਸਭ ਕੁੱਝ ਉਨ੍ਹਾਂ ਦੇ ਆਤਮ ਵਿਸਵਾਸ਼ ਅੱਗੇ ਕੁੱਝ ਵੀ ਨਹੀਂ ਸੀ। 23 ਅਕਤੂਬਰ 1962 ਨੂੰ ਭੋਰ ਵਿਚ ਲਗਭਗ 600 ਚੀਨੀ ਫ਼ੌਜੀਆਂ ਨੇ ਲਗਾਤਾਰ ਤਿੰਨ ਪੜਾਵਾਂ ਵਿਚ ਹਮਲਾ ਕੀਤਾ। ਸੂਬੇਦਾਰ ਜੋਗਿੰਦਰ ਸਿੰਘ ਦੀ ਪਲਟਣ ਨੇ ਰਾਈਫ਼ਲ ਅਤੇ ਮਸ਼ੀਨ ਗੰਨ ਦੀ ਗੋਲੀਬਾਰੀ ਨਾਲ ਪਹਿਲੇ ਪੜਾਅ ਦੇ ਚੀਨੀ ਫ਼ੌਜੀਆਂ ਨੂੰ ਧੂੜ ਚਟਾ ਦਿੱਤੀ। ਫਿਰ ਦੂਜੇ ਪੜਾਅ ਦੌਰਾਨ ਵੀ ਸਿੱਖ ਫ਼ੌਜੀਆਂ ਦੀ ਇਹ ਟੁਕੜੀ ਮਜਬੂਤੀ ਨਾਲ ਲੜੀ। ਪੂਰੀ ਘਾਟੀ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਗੂੰਜ ਰਹੀ ਸੀ।
ਤੀਜੇ ਪੜਾਅ ਵਿਚ 200 ਚੀਨੀ ਫ਼ੌਜੀਆਂ ਨੇ ਹਮਲਾ ਬੋਲ ਦਿੱਤਾ। ਉਦੋਂ ਤੱਕ ਬਹੁਤ ਸਾਰੇ ਸਿੱਖ ਫ਼ੌਜੀ ਜ਼ਖ਼ਮੀ ਹੋ ਚੁੱਕੇ ਸੀ ਅਤੇ ਗੋਲਾ ਬਾਰੂਦ ਖ਼ਤਮ ਹੋ ਗਿਆ ਸੀ। ਸੂਬੇਦਾਰ ਜੋਗਿੰਦਰ ਸਿੰਘ ਦੀ ਜਾਂਘ ਵਿਚ ਸੱਟ ਲੱਗੀ। ਜਦੋਂ ਉਨ੍ਹਾਂ ਦੇ ਕੰਪਨੀ ਕਮਾਂਡਰ ਨੇ ਵਾਪਸੀ ਦੀ ਸਲਾਹ ਦਿੱਤੀ ਤਾਂ ਉਨ੍ਹਾਂ ਨੇ ਰੇਡੀਓ ਰਾਹੀਂ ਕਿਹਾ, ‘‘ਕੋਈ ਵਾਪਸੀ ਨਹੀਂ। ਅਸੀਂ ਆਖਰੀ ਦਮ ਤੱਕ ਲੜਾਂਗੇ।’’ ਜਦੋਂ ਗੋਲਾ ਬਾਰੂਦ ਖ਼ਤਮ ਹੋ ਗਿਆ ਤਾਂ ਉਨ੍ਹਾਂ ਨੇ ਰਾਈਫ਼ਲਾਂ ’ਤੇ ਲੱਗੀਆਂ ਸੰਗੀਨਾਂ ਨਾਲ ਦੁਸ਼ਮਣ ’ਤੇ ਹਮਲਾ ਬੋਲ ਦਿੱਤਾ। ਖ਼ੂਨ ਨਾਲ ਲਥਪਥ ਦਸਤਾਰਧਾਰੀ ਸਿੱਖਾਂ ਨੂੰ ਧੂੰਏਂ ਅਤੇ ਬਰਫ਼ ਦੇ ਵਿਚਕਾਰੋਂ ਲੰਘਦੇ ਦੇਖ ਦੁਸ਼ਮਣ ਫ਼ੌਜੀ ਵੀ ਹੈਰਾਨ ਰਹਿ ਗਏ। ਚਾਰ ਘੰਟੇ ਤੱਕ ਉਹ ਇਸੇ ਤਰ੍ਹਾਂ ਲੜਦੇ ਰਹੇ। ਸਿਰਫ਼ ਤਿੰਨ ਫ਼ੌਜੀ ਜਿੰਦਾ ਬਚੇ, ਜਿਨ੍ਹਾਂ ਨੂੰ ਮੁੱਖ ਫ਼ੌਜੀ ਕੈਂਪ ਤੋਂ ਗੋਲਾ ਬਾਰੂਦ ਲਿਆਉਣ ਲਈ ਪਹਿਲਾਂ ਭੇਜਿਆ ਗਿਆ ਸੀ। ਸੂਬੇਦਾਰ ਜੋਗਿੰਦਰ ਸਿੰਘ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਬੰਦੀ ਬਣਾ ਲਿਆ, ਜਿਨ੍ਹਾਂ ਦੀ ਬਾਅਦ ਵਿਚ ਕੈਦ ਦੌਰਾਨ ਹੀ ਸ਼ਹਾਦਤ ਹੋ ਗਈ।
ਸੂਬੇਦਾਰ ਜੋਗਿੰਦਰ ਸਿੰਘ ਦਾ ਆਪਣੀ ਬੇਟੀ ਨਾਲ ਬਹੁਤ ਜ਼ਿਆਦਾ ਪਿਆਰ ਸੀ, ਜਦੋਂ ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਪਰਿਵਾਰ ਨੂੰ ਪਤਾ ਚੱਲੀ ਤਾਂ ਸਦਮੇ ਵਿਚ ਉਨ੍ਹਾਂ ਦੀ 11 ਸਾਲਾਂ ਦੀ ਬੇਟੀ ਸਰਜੀਤ ਕੌਰ ਨੇ ਵੀ ਦਮ ਤੋੜ ਦਿੱਤਾ। ਉਨ੍ਹਾਂ ਦਾ ਪਰਿਵਾਰ ਸੂਬੇਦਾਰ ਜੋਗਿੰਦਰ ਸਿੰਘ ਦਾ ਆਖ਼ਰੀ ਵਾਰ ਮੂੰਹ ਵੀ ਨਹੀਂ ਦੇਖ ਸਕਿਆ, ਕਿਉਂਕਿ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਚੀਨੀ ਫ਼ੌਜ ਵੱਲੋਂ ਹੀ ਕੀਤਾ ਗਿਆ ਸੀ, ਪਰ ਚੀਨ ਨੇ ਸੂਬੇਦਾਰ ਜੋਗਿੰਦਰ ਸਿੰਘ ਦੀ ਅਸਧਾਰਨ ਵੀਰਤਾ ਨੂੰ ਦੇਖਦਿਆਂ 17 ਮਈ 1963 ਨੂੰ ਉਨ੍ਹਾਂ ਦੀਆਂ ਅਸਥੀਆਂ ਭਾਰਤ ਸਰਕਾਰ ਨੂੰ ਸੌਂਪ ਦਿੱਤੀਆਂ ਸੀ। ਭਾਰਤ ਸਰਕਾਰ ਵੱਲੋਂ ਵੀ ਸੂਬੇਦਾਰ ਜੋਗਿੰਦਰ ਸਿੰਘ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
ਦੱਸ ਦਈਏ ਕਿ ਜੋਗਿੰਦਰ ਸਿੰਘ ਦੀ ਵੀਰਤਾ ਨੂੰ ਭਾਵੇਂ ਅੱਜ 63 ਸਾਲ ਹੋ ਚੁੱਕੇ ਹਨ, ਪਰ ਅੱਜ ਵੀ ਉਨ੍ਹਾਂ ਦੀ ਇਹ ਅਸਾਧਾਰਨ ਵੀਰਤਾ ਨੌਜਵਾਨ ਪੀੜ੍ਹੀ ਲਈ ਪ੍ਰੇਰਣਾਸ੍ਰੋਤ ਬਣ ਰਹੀ ਹੈ।
