
ਸਰਹੱਦੀ ਇਲਾਕਿਆਂ ਦੇ 12 ਤੋਂ ਵੱਧ ਪਿੰਡਾਂ ਤੋਂ ਲੋਕ ਹੋਏ ਜ਼ਖਮੀ
ਲੈਬਨਾਨ : ਦਖਣੀ ਲੇਬਨਾਨ ’ਚ ਐਤਵਾਰ ਨੂੰ ਇਜ਼ਰਾਇਲੀ ਫੌਜ ਨੇ ਪ੍ਰਦਰਸ਼ਨਕਾਰੀਆਂ ’ਤੇ ਗੋਲੀਬਾਰੀ ਕੀਤੀ, ਜਿਸ ’ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 80 ਤੋਂ ਜ਼ਿਆਦਾ ਜ਼ਖਮੀ ਹੋ ਗਏ। ਲੇਬਨਾਨ ਦੇ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਇਹ ਜੰਗਬੰਦੀ ਦੇ ਤਹਿਤ ਇਜ਼ਰਾਈਲੀ ਫੌਜਾਂ ਨੂੰ ਵਾਪਸ ਬੁਲਾਉਣ ਦੀ ਮੰਗ ਕਰ ਰਹੇ ਸਨ। ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਮ੍ਰਿਤਕਾਂ ਵਿਚ ਦੋ ਔਰਤਾਂ ਅਤੇ ਇਕ ਲੇਬਨਾਨੀ ਫੌਜ ਦਾ ਜਵਾਨ ਸ਼ਾਮਲ ਹੈ। ਸਰਹੱਦੀ ਇਲਾਕਿਆਂ ਦੇ 12 ਤੋਂ ਵੱਧ ਪਿੰਡਾਂ ਤੋਂ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਇਜ਼ਰਾਈਲ-ਹਿਜ਼ਬੁੱਲਾ ਜੰਗ ਨੂੰ ਰੋਕਣ ਲਈ ਨਵੰਬਰ ਦੇ ਅਖੀਰ ਵਿਚ ਹੋਏ ਜੰਗਬੰਦੀ ਸਮਝੌਤੇ ਵਲੋਂ ਨਿਰਧਾਰਤ 60 ਦਿਨਾਂ ਦੀ ਸਮਾਂ ਸੀਮਾ ਦੇ ਅੰਦਰ ਇਜ਼ਰਾਈਲੀ ਫੌਜਾਂ ਨੂੰ ਦਖਣੀ ਲੇਬਨਾਨ ਤੋਂ ਵਾਪਸ ਜਾਣਾ ਸੀ, ਪਰ ਅਜਿਹਾ ਨਹੀਂ ਹੋਇਆ। ਇਸ ਦੇ ਵਿਰੋਧ ’ਚ ਪ੍ਰਦਰਸ਼ਨਕਾਰੀਆਂ ਨੇ ਕਈ ਪਿੰਡਾਂ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਕੁੱਝ ਪ੍ਰਦਰਸ਼ਨਕਾਰੀਆਂ ਨੇ ਹਿਜ਼ਬੁੱਲਾ ਦੇ ਝੰਡੇ ਫੜੇ ਹੋਏ ਸਨ।
ਇਜ਼ਰਾਈਲ ਦਾ ਕਹਿਣਾ ਹੈ ਕਿ ਲੇਬਨਾਨ ਦੀ ਫੌਜ ਨੇ ਦਖਣੀ ਲੇਬਨਾਨ ਵਿਚ ਹਿਜ਼ਬੁੱਲਾ ਨੂੰ ਮੁੜ ਉੱਭਰਨ ਤੋਂ ਰੋਕਣ ਲਈ ਇਲਾਕੇ ਦੀਆਂ ਸਾਰੀਆਂ ਥਾਵਾਂ ਵਿਚ ਤਾਇਨਾਤ ਨਹੀਂ ਕੀਤਾ ਹੈ, ਇਸ ਲਈ ਇਜ਼ਰਾਈਲੀ ਫੌਜਾਂ ਨੂੰ ਉਥੇ ਲੰਮੇ ਸਮੇਂ ਤਕ ਰਹਿਣ ਦੀ ਜ਼ਰੂਰਤ ਹੈ। ਲੇਬਨਾਨ ਦੀ ਫੌਜ ਨੇ ਕਿਹਾ ਕਿ ਜਦੋਂ ਤਕ ਇਜ਼ਰਾਈਲੀ ਫੌਜ ਵਾਪਸ ਨਹੀਂ ਜਾਂਦੀ, ਉਦੋਂ ਤਕ ਉਹ ਉੱਥੇ ਕੋਈ ਮੋਰਚਾ ਨਹੀਂ ਸੰਭਾਲ ਸਕਦੀ।
ਇਜ਼ਰਾਈਲੀ ਫੌਜ ਨੇ ਐਤਵਾਰ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਭੜਕਾਉਣ ਲਈ ਹਿਜ਼ਬੁੱਲਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਦੇ ਜਵਾਨਾਂ ਨੇ ‘‘ਕਈ ਇਲਾਕਿਆਂ ਵਿਚ ਚੇਤਾਵਨੀ ਗੋਲੀਆਂ ਚਲਾਈਆਂ ਜਿੱਥੇ ਸ਼ੱਕੀਆਂ ਦੀ ਮੌਜੂਦਗੀ ਦਾ ਪਤਾ ਲੱਗਾ ਹੈ।’’ ਬਿਆਨ ਵਿਚ ਕਿਹਾ ਗਿਆ ਹੈ ਕਿ ਇਜ਼ਰਾਈਲੀ ਫ਼ੌਜੀਆਂ ਨੇ ਕਈ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਲੇਬਨਾਨ ਦੇ ਰਾਸ਼ਟਰਪਤੀ ਜੋਸੇਫ ਆਊਨ ਨੇ ਐਤਵਾਰ ਨੂੰ ਦਖਣੀ ਲੇਬਨਾਨ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘‘ਲੇਬਨਾਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਅਤੇ ਮੈਂ ਤੁਹਾਡੇ ਅਧਿਕਾਰਾਂ ਅਤੇ ਮਾਣ ਨੂੰ ਯਕੀਨੀ ਬਣਾਉਣ ਲਈ ਇਸ ਮੁੱਦੇ ਨੂੰ ਉੱਚ ਪੱਧਰ ’ਤੇ ਹੱਲ ਕਰਨ ਲਈ ਕੰਮ ਕਰ ਰਿਹਾ ਹਾਂ।’’