
ਕਿਹਾ, ਉਮੀਦ ਦੀ ਨਵੀਂ ਕਿਰਨ ਲੈ ਕੇ ਆਈ ਹੈ 'ਮੀਆ'
ਕੀਵ : ਰੂਸ ਵਲੋਂ ਕੀਤੇ ਜਾ ਹਮਲਿਆਂ ਤੋਂ ਬਾਅਦ ਰੂਸ ਦੀ ਫ਼ੌਜ ਯੂਕ੍ਰੇਨ 'ਤੇ ਕਬਜ਼ਾ ਕਰਨ ਲਈ ਲਗਾਤਾਰ ਅੱਗੇ ਵੱਧ ਰਹੀ ਹੈ। ਹਰ ਪਾਸੇ ਤਬਾਹੀ ਦਾ ਮੰਜ਼ਰ ਹੈ। ਲੋਕ ਆਪਣੀ ਜਾਨ ਬਚਾਉਣ ਲਈ ਹਰ ਹੀਲਾ ਆਪਣਾ ਰਹੇ ਹਨ ਅਤੇ ਯੂਕ੍ਰੇਨੀ ਸਰਕਾਰ ਵਲੋਂ ਗੁਆਂਢੀ ਦੇਸ਼ਾਂ ਤੋਂ ਵੀ ਮਦਦ ਮੰਗੀ ਜਾ ਰਹੀ ਹੈ। ਇਸ ਦੌਰਾਨ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੇ ਹਰ ਕਿਸੇ ਦੇ ਦਿਲ ਵਿਚ ਉਮੀਦ ਦੀ ਆਸ ਅਤੇ ਚਿਹਰੇ 'ਤੇ ਖੁਸ਼ੀ ਲਿਆ ਦਿਤੀ ਹੈ।
Ukrainian woman gives birth during war
ਦੱਸ ਦੇਈਏ ਕਿ ਇੱਕ ਪਾਸੇ ਜਿਥੇ ਰੂਸੀ ਤੋਪਾਂ ਅਤੇ ਗੋਲਿਆਂ ਦੀ ਆਵਾਜ਼ ਨੇ ਹਰ ਪਾਸੇ ਸਹਿਮ ਦਾ ਮਾਹੌਲ ਬਣਾਇਆ ਹੋਇਆ ਹੈ ਉਥੇ ਹੀ ਯੂਕ੍ਰੇਨ ਦੇ ਇਕ ਪਰਿਵਾਰ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਰੂਸੀ ਮਿਜ਼ਾਈਲਾਂ ਤੋਂ ਬਚਣ ਲਈ ਸ਼ੈਲਟਰ ਵਿਚ ਸ਼ਰਨ ਲੈਣ ਵਾਲੀ ਇਕ ਔਰਤ ਨੇ ਸ਼ੁੱਕਰਵਾਰ ਨੂੰ ਇਕ ਖ਼ੂਬਸੂਰਤ ਬੱਚੀ ਨੂੰ ਜਨਮ ਦਿੱਤਾ।
Russia-Ukraine Crisis
ਇੱਕ ਨਿਊਜ਼ ਏਜੰਸੀ ਦੀ ਖ਼ਬਰ ਮੁਤਾਬਕ ਯੂਕ੍ਰੇਨ ਦੇ ਲੋਕ ਆਪਣੀ ਜਾਨ ਬਚਾਉਣ ਲਈ ਤਹਿਖ਼ਾਨਿਆਂ 'ਚ ਸ਼ਰਨ ਲੈ ਰਹੇ ਹਨ। ਅਜਿਹੇ ਹੀ ਇਕ ਤਹਿਖ਼ਾਨੇ ਵਿਚ ਇਕ ਗਰਭਵਤੀ ਔਰਤ ਵੀ ਮੌਜੂਦ ਸੀ ਜਿਸ ਨੇ ਸ਼ੁੱਕਰਵਾਰ ਰਾਤ ਕਰੀਬ ਸਾਢੇ 8 ਵਜੇ ਇਕ ਬੱਚੀ ਨੂੰ ਜਨਮ ਦਿੱਤਾ। ਔਰਤ ਨੂੰ ਅਚਾਨਕ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ। ਬਾਹਰ ਰੂਸੀ ਤੋਪਾਂ ਗਰਜ ਰਹੀਆਂ ਸਨ ਜਿਸ ਕਾਰਨ ਉਸ ਨੂੰ ਹਸਪਤਾਲ ਲਿਜਾਣਾ ਸੰਭਵ ਨਹੀਂ ਸੀ।
Ukrainian woman gives birth during war
ਇਸ ਲਈ ਕਿਸੇ ਤਰ੍ਹਾਂ ਉਸ ਔਰਤ ਦੀ ਡਿਲਿਵਰੀ ਉਸੇ ਤਹਿਖ਼ਾਨੇ ਵਿਚ ਹੀ ਕਰਾਈ ਗਈ। ਔਰਤ ਦੇ ਚੀਕਣ ਦੀ ਆਵਾਜ਼ ਸੁਣ ਕੇ ਬਾਹਰ ਮੌਜੂਦ ਪੁਲਸ ਕਰਮਚਾਰੀ ਉਥੇ ਪਹੁੰਚ ਗਏ ਅਤੇ ਉਨ੍ਹਾਂ ਨੇ ਔਰਤ ਦੀ ਡਿਲਿਵਰੀ 'ਚ ਮਦਦ ਕੀਤੀ। ਬਾਅਦ 'ਚ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਜੱਚਾ ਅਤੇ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹਨ।
ਮਿਲੀ ਜਾਣਕਾਰੀ ਅਨੁਸਾਰ ਔਰਤ ਨੇ ਆਪਣੀ ਬੱਚੀ ਦਾ ਨਾਂ ਮੀਆ ਰੱਖਿਆ ਹੈ। ਮੁਸੀਬਤ ਦੇ ਸਮੇਂ 'ਚ ਯੂਕ੍ਰੇਨ ਦੇ ਲੋਕ ਇਸ ਬੱਚੀ ਨੂੰ ਉਮੀਦ ਦੀ ਤਰ੍ਹਾਂ ਦੇਖ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸ਼ਾਇਦ ਮੀਆ ਦੀ ਕਿਸਮਤ ਨਾਲ ਜੰਗ ਰੁੱਕ ਜਾਵੇ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਰੂਸ ਵਲੋਂ ਯੂਕ੍ਰੇਨ ਵਿਰੁੱਧ ਯੁੱਧ ਦਾ ਐਲਾਨ ਕੀਤਾ ਗਿਆ ਸੀ। ਹੁਣ ਤੱਕ ਕਈ ਯੂਕ੍ਰੇਨੀ ਫ਼ੌਜੀ ਅਤੇ ਨਾਗਰਿਕ ਇਸ ਯੁੱਧ ਦੀ ਭੇਂਟ ਚੜ੍ਹ ਚੁੱਕੇ ਹਨ।