
ਚੀਨ ਦੇ ਜਿਉਝਾਗੁ ਸੈਰ-ਸਪਾਟਾ ਥਾਂ 'ਤੇ ਆਏ ਭਿਆਨਕ ਭੂਚਾਲ ਤੋਂ ਬਾਅਦ ਰਾਹਤ ਤੇ ਬਚਾਅ ਕਾਰਜ ਤੇਜ਼ ਕਰ ਦਿਤੇ ਗਏ ਹਨ। ਇਥੇ ਵੱਡੀ ਗਿਣਤੀ 'ਚ ਜ਼ਰੂਰੀ ਸਾਮਾਨ ਅਤੇ ਫ਼ੌਜੀਆਂ ਨੂੰ..
ਜਿਉਝਾਗੁ, 10 ਅਗੱਸਤ : ਚੀਨ ਦੇ ਜਿਉਝਾਗੁ ਸੈਰ-ਸਪਾਟਾ ਥਾਂ 'ਤੇ ਆਏ ਭਿਆਨਕ ਭੂਚਾਲ ਤੋਂ ਬਾਅਦ ਰਾਹਤ ਤੇ ਬਚਾਅ ਕਾਰਜ ਤੇਜ਼ ਕਰ ਦਿਤੇ ਗਏ ਹਨ। ਇਥੇ ਵੱਡੀ ਗਿਣਤੀ 'ਚ ਜ਼ਰੂਰੀ ਸਾਮਾਨ ਅਤੇ ਫ਼ੌਜੀਆਂ ਨੂੰ ਭੇਜਿਆ ਜਾ ਰਿਹਾ ਹੈ। ਉਥੇ ਹੀ ਬਚਾਅ ਮੁਲਾਜ਼ਮ ਲਾਪਤਾ ਲੋਕਾਂ ਦੀ ਭਾਲ 'ਚ ਲੱਗੇ ਹੋਏ ਹਨ। ਇਸ ਭੂਚਾਲ ਕਾਰਨ ਮ੍ਰਿਤਕਾਂ ਦੀ ਗਿਣਤੀ ਵੱੱਧ ਕੇ 20 ਹੋ ਗਈ ਹੈ ਅਤੇ 431 ਲੋਕ ਲਾਪਤਾ ਹਨ।
ਸਿਚੁਆਨ ਸੂਬੇ ਲਈ ਦਰਜ਼ਨਾਂ ਟਰੱਕਾਂ ਨੂੰ ਰਾਹਤ ਸਮਗਰੀ ਅਤੇ ਫ਼ੌਜੀ ਟਰੱਕਾਂ ਨੂੰ ਭੇਜਿਆ ਗਿਆ ਹੈ। ਭੂਚਾਲ ਦੇ ਹੋਰ ਝਟਕੇ ਮਹਿਸੂਸ ਹੋਣ ਅਤੇ ਜ਼ਮੀਨ ਖਿਸਕਣ ਜਿਹੇ ਭਿਆਨਕ ਹਾਲਾਤਾਂ ਕਾਰਨ ਲੋਕਾਂ ਨੇ ਅਸਥਾਈ ਕੈਂਪਾਂ 'ਚ ਪਨਾਹ ਲਈ ਹੈ। ਭੂਚਾਲ ਦਾ ਕੇਂਦਰ ਜਿਯੁਝਾਗੁ ਨੇੜੇ ਸੀ। ਇਸ ਖੇਤਰ 'ਚ ਜ਼ਿਆਦਾਤਰ ਤਿੱਬਤੀ ਅਤੇ ਕਿਯਾਂਗ ਲੋਕ ਰਹਿੰਦੇ ਹਨ। ਸਿਚੁਆਨ ਸੂਬੇ ਦੇ ਅੱਗ ਬੁਝਾਊ ਵਿਭਾਗ ਨੇ ਕਿਹਾ ਕਿ 16 ਸੈਲਾਨੀਆਂ ਦੇ ਨੈਸ਼ਨਲ ਪਾਰਕ ਦੀ ਝੀਲ 'ਚ ਫਸੇ ਹੋਣ ਦੀ ਸੰਭਾਵਨਾ ਹੈ।
ਭੂਚਾਲ ਇੰਨਾ ਸ਼ਕਤੀਸ਼ਾਲੀ ਸੀ ਕਿ ਪਹਾੜੀ ਸੜਕਾਂ 'ਚ ਤ੍ਰੇੜਾਂ ਪੈ ਗਈਆਂ ਹਨ ਅਤੇ ਕਈ ਇਮਾਰਤਾਂ ਨੂੰ ਗੰਭੀਰ ਨੁਕਸਾਨ ਪੁੱਜਾ ਹੈ। ਅਧਿਕਾਰੀਆਂ ਨੇ ਦਸਿਆ ਕਿ ਹਜ਼ਾਰਾਂ ਫ਼ੌਜੀਆਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ ਹੈ। ਹਾਲੇ ਤਕ ਸਰਕਾਰੀ ਖ਼ਜਾਨੇ ਤੋਂ 3 ਕਰੋੜ ਡਾਲਰ ਦੀ ਵਿਤੀ ਮਦਦ ਵੰਡੀ ਗਈ ਹੈ। ਉਥੇ ਹੀ ਅਬਾ ਪ੍ਰੀਫੇਕਟ ਦੀ ਸਰਕਾਰ ਨੇ ਲੋਕਾਂ ਨੂੰ ਦਾਨ ਦੇਣ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਚੀਨ ਦੇ ਦੱਖਣ-ਪੱਛਮ ਸਿਚੁਆਨ ਸੂਬੇ 'ਚ 7.0 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਸੀ। ਖੇਤਰ ਦੇ 60 ਹਜ਼ਾਰ ਤੋਂ ਵੱਧ ਲੋਕਾਂ ਨੇ ਅਪਣੇ ਘਰ ਛੱਡ ਕੇ ਅਸਥਾਈ ਕੈਂਪਾਂ 'ਚ ਪਨਾਹ ਲਈ ਹੋਈ ਹੈ। (ਪੀਟੀਆਈ)