
ਦਸਤਾਵੇਜ਼ਾਂ ਵਿਚ ਭਗਤ ਸਿੰਘ ਦੀ ਫਾਂਸੀ ਦਾ ਪ੍ਰਮਾਣ ਪੱਤਰ ਵੀ ਸ਼ਾਮਲ
ਬਰਤਾਨੀਆ ਦੇ ਪੁਲਿਸ ਅਧਿਕਾਰੀ ਦੀ ਹਤਿਆ ਦੇ ਮਾਮਲੇ ਵਿਚ ਭਗਤ ਸਿੰਘ ਨੂੰ ਫਾਂਸੀ ਦੇਣ ਦੇ 87 ਸਾਲਾਂ ਮਗਰੋਂ ਪਾਕਿਸਤਾਨ ਨੇ ਅੱਜ ਪਹਿਲੀ ਵਾਰ ਆਜ਼ਾਦੀ ਘੁਲਾਟੀਆਂ ਨਾਲ ਜੁੜੇ ਕੁੱਝ ਦਸਤਾਵੇਜ਼ਾਂ ਦੀ ਪ੍ਰਦਰਸ਼ਨੀ ਲਾਈ। ਇਨ੍ਹਾਂ ਦਸਤਾਵੇਜ਼ਾਂ ਵਿਚ ਭਗਤ ਸਿੰਘ ਦੀ ਫਾਂਸੀ ਦਾ ਪ੍ਰਮਾਣ ਪੱਤਰ ਵੀ ਸ਼ਾਮਲ ਹੈ। ਬਰਤਾਨੀਆ ਸਰਕਾਰ ਵਿਰੁਧ ਸਾਜ਼ਸ਼ ਰਚਣ ਦੇ ਦੋਸ਼ਾਂ ਹੇਠ ਮੁਕੱਦਮਾ ਚਲਾਏ ਜਾਣ ਮਗਰੋਂ ਭਗਤ ਸਿੰਘ ਨੂੰ ਅੰਗਰੇਜ਼ਾਂ ਨੇ 23 ਮਾਰਚ 1931 ਨੂੰ ਲਾਹੌਰ ਵਿਚ ਫਾਂਸੀ ਦੇ ਦਿਤੀ ਸੀ। ਬ੍ਰਿਟਿਸ਼ ਅਧਿਕਾਰੀ ਜਾਨ ਪੀ ਸਾਂਡਰਸ ਦੀ ਹਤਿਆ ਦੇ ਦੋਸ਼ ਹੇਠ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਵਿਰੁਧ ਮੁਕੱਦਮਾ ਚਲਾਇਆ ਗਿਆ ਸੀ। ਪੰਜਾਬ ਅਭਿਲੇਖਾਗਾਰ ਵਿਭਾਗ ਭਗਤ ਸਿੰਘ ਦੇ ਮੁਕੱਦਮੇ ਦੀ ਫ਼ਾਈਲ ਦਾ ਪੂਰਾ ਰੀਕਾਰਡ ਨਹੀਂ ਵਿਖਾ ਸਕਿਆ ਕਿਉਂਕਿ ਇਹ ਕਥਿਤ ਤੌਰ 'ਤੇ ਪੂਰੀ ਤਰ੍ਹਾਂ ਤਿਆਰ ਨਹੀਂ ਸੀ। ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਭਗਤ ਸਿੰਘ ਦੇ ਮਾਮਲੇ ਨਾਲ ਜੁੜੀਆਂ ਕੁੱਝ ਫ਼ਾਈਲਾਂ ਦੀ ਪ੍ਰਦਰਸ਼ਨੀ ਲਾਈ ਗਈ ਹੈ।
Bhagat Singh
ਬਾਕੀ ਫ਼ਾਈਲਾਂ ਨੂੰ ਕਲ ਵਿਖਾਇਆ ਜਾਵੇਗਾ। ਇਨ੍ਹਾਂ ਫ਼ਾਈਲਾਂ ਵਿਚ 27 ਅਗੱਸਤ 1930 ਵਾਲਾ ਅਦਾਲਤ ਦਾ ਆਦੇਸ਼ ਮੁਹਈਆ ਕਰਾਉਣ ਲਈ ਭਗਤ ਸਿੰਘ ਦੀ ਅਰਜ਼ੀ, ਉਸ ਦੀ 31 ਮਈ 1929 ਵਾਲੀ ਪਟੀਸ਼ਨ, ਬੇਟੇ ਅਤੇ ਉਸ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਦੀ ਮੌਤ ਦੀ ਸਜ਼ਾ ਵਿਰੁਧ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਦੀ ਅਰਜ਼ੀ ਅਤੇ ਜੇਲਰ ਦੁਆਰਾ 23 ਮਾਰਚ 1931 ਨੂੰ ਭਗਤ ਸਿੰਘ ਨੂੰ ਲਾਹੌਰ ਜੇਲ ਵਿਚ ਫਾਂਸੀ ਦੇਣ ਦਾ ਪ੍ਰਮਾਣ ਪੱਤਰ ਸ਼ਾਮਲ ਹਨ। ਇਨ੍ਹਾਂ ਵਿਚ ਭਗਤ ਸਿੰਘ ਦੀ ਉਹ ਚਿੱਠੀ ਵੀ ਸ਼ਾਮਲ ਹੈ ਜਿਹੜੀ ਉਸ ਨੇ ਹਰ ਰੋਜ਼ ਅਖ਼ਬਾਰ ਅਤੇ ਕਿਤਾਬਾਂ ਮੁਹਈਆ ਕਰਾਉਣ ਲਈ ਲਿਖੀ ਸੀ। (ਏਜੰਸੀ)