
NIH News : ਸੈਨੇਟ ਨੇ ਨਿਯੁਕਤੀ ਨੂੰ ਦਿਤੀ ਮਨਜ਼ੂਰੀ
Indian-origin Jay Bhattacharya appointed as NIH director Latest News in Punjabi : ਅਮਰੀਕੀ ਸੈਨੇਟ ਨੇ ਜੈ ਭੱਟਾਚਾਰੀਆ ਦੀ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (NIH) ਦੇ ਡਾਇਰੈਕਟਰ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿਤੀ ਹੈ। ਇਸ 'ਤੇ ਮੰਗਲਵਾਰ ਨੂੰ ਸੈਨੇਟ ਵਿਚ ਵੋਟਿੰਗ ਹੋਈ ਅਤੇ ਜੈ ਭੱਟਾਚਾਰੀਆ 53-47 ਵੋਟਾਂ ਨਾਲ ਜਿੱਤ ਗਏ। ਇਸ ਦੇ ਨਾਲ, ਡੋਨਾਲਡ ਟਰੰਪ ਦੁਆਰਾ NIH ਅਹੁਦੇ 'ਤੇ ਉਨ੍ਹਾਂ ਦੀ ਨਿਯੁਕਤੀ ਨੂੰ ਵੀ ਅੰਤਮ ਪ੍ਰਵਾਨਗੀ ਮਿਲ ਗਈ। ਅਮਰੀਕਾ ਦੇ ਸਿਹਤ ਮੰਤਰੀ ਰੌਬਰਟ ਐਫ਼ ਕੈਨੇਡੀ ਨੇ ਵੀ ਜੈ ਭੱਟਾਚਾਰੀਆ ਦੇ ਨਾਮ ਦੀ ਪ੍ਰਵਾਨਗੀ 'ਤੇ ਖ਼ੁਸ਼ੀ ਪ੍ਰਗਟ ਕੀਤੀ।
ਜੈ ਭੱਟਾਚਾਰੀਆ ਸਟੈਨਫ਼ੋਰਡ ਯੂਨੀਵਰਸਿਟੀ ਵਿਚ ਸਿਹਤ ਨੀਤੀ ਦੇ ਪ੍ਰੋਫ਼ੈਸਰ ਹਨ। ਉਨ੍ਹਾਂ ਨੈਸ਼ਨਲ ਬਿਊਰੋ ਆਫ਼ ਇਕਨਾਮਿਕ ਰਿਸਰਚ ਵਿਚ ਰਿਸਰਚ ਐਸੋਸੀਏਟ ਅਤੇ ਸਟੈਨਫੋਰਡ ਇੰਸਟੀਚਿਊਟ ਆਫ਼ ਇਕਨਾਮਿਕ ਪਾਲਿਸੀ ਰਿਸਰਚ, ਸਟੈਨਫੋਰਡ ਫ੍ਰੀਮੈਨ ਸਪੋਗਲੀ ਇੰਸਟੀਚਿਊਟ, ਅਤੇ ਹੂਵਰ ਇੰਸਟੀਚਿਊਸ਼ਨ ਵਿਚ ਇਕ ਸੀਨੀਅਰ ਫੈਲੋ ਵਜੋਂ ਵੀ ਸੇਵਾ ਨਿਭਾਈ ਹੈ। ਜੈ ਭੱਟਾਚਾਰੀਆ ਸਟੈਨਫੋਰਡ ਸੈਂਟਰ ਫਾਰ ਡੈਮੋਗ੍ਰਾਫੀ ਐਂਡ ਇਕਨਾਮਿਕਸ ਆਫ਼ ਹੈਲਥ ਐਂਡ ਏਜਿੰਗ ਦੀ ਅਗਵਾਈ ਵੀ ਕਰਦੇ ਹਨ। ਜੈ ਭੱਟਾਚਾਰੀਆ ਗ੍ਰੇਟ ਬੈਰਿੰਗਟਨ ਐਲਾਨਨਾਮੇ ਦੇ ਸਹਿ-ਲੇਖਕ ਵੀ ਹਨ, ਜਿਸ ਵਿਚ ਜੈ ਭੱਟਾਚਾਰੀਆ ਨੇ ਅਕਤੂਬਰ 2020 ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਲਗਾਏ ਗਏ ਤਾਲਾਬੰਦੀ ਦੇ ਵਿਕਲਪ ਦਾ ਸੁਝਾਅ ਦਿਤਾ ਸੀ। ਜੈ ਭੱਟਾਚਾਰੀਆ ਨੇ ਅਰਥਸ਼ਾਸਤਰ, ਕਾਨੂੰਨ, ਮੈਡੀਕਲ, ਜਨਤਕ ਸਿਹਤ ਅਤੇ ਸਿਹਤ ਨੀਤੀਆਂ 'ਤੇ ਰਸਾਲੇ ਵੀ ਪ੍ਰਕਾਸ਼ਤ ਕੀਤੇ ਹਨ।
ਜੈ ਭੱਟਾਚਾਰੀਆ ਦਾ ਨਾਮ ਉਦੋਂ ਸੁਰਖੀਆਂ ਵਿਚ ਆਇਆ ਜਦੋਂ ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਵਲੋਂ ਲਾਕਡਾਊਨ ਲਗਾਉਣ, ਮਾਸਕ ਪਹਿਨਣ ਅਤੇ ਕੋਰੋਨਾ ਟੀਕੇ ਦੀ ਬੂਸਟਰ ਖੁਰਾਕ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਲਾਕਡਾਊਨ ਲੋਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਪ੍ਰਭਾਵਤ ਕਰੇਗਾ। ਇਸ ਕਾਰਨ ਭੱਟਾਚਾਰੀਆ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ।
ਉਨ੍ਹਾਂ ਦੇ ਆਲੋਚਕਾਂ ਵਿਚ ਡਾ. ਫਰਾਂਸਿਸ ਕੋਲਿਨਜ਼ ਸ਼ਾਮਲ ਹਨ, ਜੋ ਉਸੇ NIH ਦੇ ਸਾਬਕਾ ਡਾਇਰੈਕਟਰ ਸਨ, ਜਿਸ ਵਿਚ ਭੱਟਾਚਾਰੀਆ ਨੂੰ ਨਿਯੁਕਤ ਕੀਤਾ ਗਿਆ ਹੈ। ਭੱਟਾਚਾਰੀਆ ਜੋਅ ਬਿਡੇਨ ਸਰਕਾਰ ਦੇ ਕੋਰੋਨਾ ਸੰਕਟ ਨਾਲ ਨਜਿੱਠਣ ਦੇ ਤਰੀਕੇ ਦੇ ਇਕ ਖੁੱਲ੍ਹੇ ਆਲੋਚਕ ਰਹੇ ਹਨ। ਇਸ ਸਬੰਧੀ ਉਨ੍ਹਾਂ ਨੇ ਕੁੱਝ ਲੋਕਾਂ ਨਾਲ ਮਿਲ ਕੇ ਸੁਪਰੀਮ ਕੋਰਟ ਵਿਚ ਪਟੀਸ਼ਨ ਵੀ ਦਾਇਰ ਕੀਤੀ ਸੀ। ਭੱਟਾਚਾਰੀਆ ਨੇ ਦਲੀਲ ਦਿਤੀ ਕਿ ਬਿਡੇਨ ਪ੍ਰਸ਼ਾਸਨ ਸੋਸ਼ਲ ਮੀਡੀਆ 'ਤੇ ਕੋਵਿਡ-19 ਬਾਰੇ ਰੂੜੀਵਾਦੀ ਵਿਚਾਰਾਂ ਨੂੰ ਗ਼ਲਤ ਢੰਗ ਨਾਲ ਦਬਾ ਰਿਹਾ ਹੈ।