
ਕਾਤਲ ਨੂੰ ਹੋਟਲ 'ਚੋਂ ਕੀਤਾ ਗ੍ਰਿਫ਼ਤਾਰ
ਓਕਲਾਹੋਮਾ ਸਿਟੀ: ਅਮਰੀਕੀ ਸੂਬੇ ਓਕਲਾਹੋਮਾ ਦੀ ਰਾਜਧਾਨੀ ਓਕਲਾਹੋਮਾ ਸਿਟੀ ’ਚ ਭਾਰਤੀ ਮੂਲ ਦੇ 59 ਸਾਲਾ ਵਿਅਕਤੀ ਹੇਮੰਤ ਮਿਸਤਰੀ ਦਾ ਕਤਲ ਹੋ ਗਿਆ ਹੈ। ਹੇਮੰਤ ਭਾਰਤੀ ਸੂਬੇ ਗੁਜਰਾਤ ਦੇ ਜੰਮਪਲ ਸਨ ਤੇ ਇਸ ਵੇਲੇ ਉਹ ਇਕ ਮੋਟਲ ਦੇ ਮੈਨੇਜਰ ਵਜੋਂ ਨਿਯੁਕਤ ਸਨ। ਪੁਲਿਸ ਅਨੁਸਾਰ ਉਨ੍ਹਾਂ ਦਾ ਕਤਲ 41 ਸਾਲਾ ਰਿਚਰਡ ਲਿਊਇਸ ਨੇ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਿਚਰਡ ਦਰਅਸਲ ਇੰਟਰਸਟੇਟ 40 ਤੇ ਮੀਰੀਡੀਅਨ ਐਵੇਨਿਊ ਲਾਗਲੇ ਮੋਟਲ ਦੀ ਪਾਰਕਿੰਗ ’ਚ ਜਾ ਵੜਿਆ ਸੀ, ਜਿਥੋਂ ਹੇਮੰਤ ਮਿਸਤਰੀ ਨੇ ਉਸ ਨੂੰ ਚਲੇ ਜਾਣ ਲਈ ਆਖਿਆ। ਤਦ ਰਿਚਰਡ ਨੇ ਉਨ੍ਹਾਂ ਦੇ ਚਿਹਰੇ ’ਤੇ ਜ਼ੋਰਦਾਰ ਘਸੁੰਨ ਮਾਰਿਆ। ਤਦ ਉਹ ਬੇਹੋਸ਼ ਹੋ ਗਏ। ਇਹ ਘਟਨਾ 22 ਜੂਨ ਦੀ ਹੈ ਪਰ ਪੁਲਿਸ ਨੇ ਹੁਣ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿਤੀ ਹੈ। ਉਨ੍ਹਾਂ ਨੂੰ ਤੁਰਤ ਹਸਪਤਾਲ ਲਿਜਾਂਦਾ ਗਿਆ, ਜਿਥੇ ਉਹ ਅਗਲੇ ਦਿਨ ਸ਼ਾਮੀਂ 7:40 ਵਜੇ ਦਮ ਤੋੜ ਗਏ।
ਪੁਲਿਸ ਨੇ ਬਾਅਦ ’ਚ ਰਿਚਰਡ ਨੂੰ ਐਸ. ਮੀਰੀਡੀਅਨ ਐਵੇਨਿਊ ਸਥਿਤ ਇਕ ਹੋਟਲ ’ਚੋਂ ਲੱਭ ਕੇ ਗ੍ਰਿਫ਼ਤਾਰ ਕਰ ਲਿਆ।