
ਕਿਹਾ, ਭਾਰਤ ਤੋਂ ਜਵਾਬਦੇਹੀ ਚਾਹੁੰਦੈ ਅਮਰੀਕਾ, ਜਾਂਚ ’ਤੇ ਲਗਾਤਾਰ ਜ਼ੋਰ ਦਿਤਾ ਜਾ ਰਿਹਾ ਹੈ
ਨਵੀਂ ਦਿੱਲੀ: ਅਮਰੀਕਾ ਨੇ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਦੀ ਕਥਿਤ ਸਾਜ਼ਸ਼ ਨੂੰ ਨਾਕਾਮ ਕਰਨ ਦੀ ਭਾਰਤ ਦੀ ਜਾਂਚ ’ਤੇ ਲਗਾਤਾਰ ਜ਼ੋਰ ਦਿਤਾ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਵਾਸ਼ਿੰਗਟਨ ਇਸ ਮਾਮਲੇ ’ਚ ਜਵਾਬਦੇਹੀ ਚਾਹੁੰਦਾ ਹੈ। ਉਪ ਵਿਦੇਸ਼ ਮੰਤਰੀ ਕੁਰਟ ਕੈਂਪਬੈਲ ਨੇ ਕਿਹਾ ਕਿ ਅਮਰੀਕਾ ਨੇ ਇਸ ਮੁੱਦੇ ਨੂੰ ਸਿੱਧੇ ਤੌਰ ’ਤੇ ਭਾਰਤ ਸਰਕਾਰ ਕੋਲ ਉੱਚ ਪੱਧਰ ’ਤੇ ਚੁਕਿਆ ਹੈ।
ਕੈਂਪਬੈਲ ਨੇ ਇਹ ਟਿਪਣੀਆਂ ਪਿਛਲੇ ਹਫਤੇ ਅਪਣੀ ਭਾਰਤ ਫੇਰੀ ਅਤੇ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਦੀ ਫੇਰੀ ’ਤੇ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤੀਆਂ। ਉਨ੍ਹਾਂ ਕਿਹਾ, ‘‘ਅਸੀਂ ਇਸ ’ਤੇ ਭਾਰਤ ਨਾਲ ਰਚਨਾਤਮਕ ਵਿਚਾਰ-ਵਟਾਂਦਰੇ ਕੀਤੇ ਹਨ ਅਤੇ ਮੈਂ ਕਹਾਂਗਾ ਕਿ ਉਨ੍ਹਾਂ ਨੇ ਸਾਡੀਆਂ ਚਿੰਤਾਵਾਂ ਦਾ ਹੱਲ ਕੀਤਾ ਹੈ।’’
ਉਨ੍ਹਾਂ ਕਿਹਾ, ‘‘ਅਸੀਂ ਸਪੱਸ਼ਟ ਕਰ ਦਿਤਾ ਹੈ ਕਿ ਅਸੀਂ ਭਾਰਤ ਸਰਕਾਰ ਤੋਂ ਜਵਾਬਦੇਹੀ ਦੀ ਮੰਗ ਕਰਦੇ ਹਾਂ ਅਤੇ ਅਸੀਂ ਲਗਾਤਾਰ ਭਾਰਤੀ ਜਾਂਚ ਕਮੇਟੀ ਦੀ ਜਾਂਚ ਬਾਰੇ ਅਪਡੇਟ ਮੰਗੇ ਹਨ।’’ ਉਨ੍ਹਾਂ ਅੱਗੇ ਕਿਹਾ, ‘‘ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਅਸੀਂ ਇਸ ਮੁੱਦੇ ਨੂੰ ਸਿੱਧੇ ਤੌਰ ’ਤੇ ਭਾਰਤ ਸਰਕਾਰ ਕੋਲ ਉਠਾਇਆ ਹੈ... ਦੋਹਾਂ ਧਿਰਾਂ ਵਿਚਾਲੇ ਉੱਚ ਪੱਧਰ ’ਤੇ।’’
ਕੈਂਪਬੈਲ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਪੰਨੂੰ ਨੂੰ ਮਾਰਨ ਦੀ ਸਾਜ਼ਸ਼ ਦਾ ਮੁੱਦਾ ਉਨ੍ਹਾਂ ਅਤੇ ਸੁਲੀਵਾਨ ਦੀਆਂ ਅਪਣੇ ਭਾਰਤੀ ਹਮਰੁਤਬਾ ਨਾਲ ਹੋਈਆਂ ਮੀਟਿੰਗਾਂ ਦੌਰਾਨ ਉਠਾਇਆ ਗਿਆ ਸੀ।
ਪਿਛਲੇ ਸਾਲ ਨਵੰਬਰ ’ਚ ਅਮਰੀਕੀ ਵਕੀਲਾਂ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ’ਤੇ ਨਿਊਯਾਰਕ ’ਚ ਪੰਨੂੰ ਦੇ ਕਤਲ ਦੀ ਸਾਜ਼ਸ਼ ਨੂੰ ਨਾਕਾਮ ਕਰਨ ਲਈ ਇਕ ਭਾਰਤੀ ਸਰਕਾਰੀ ਕਰਮਚਾਰੀ ਨਾਲ ਕੰਮ ਕਰਨ ਦਾ ਦੋਸ਼ ਲਗਾਇਆ ਸੀ। ਅਤਿਵਾਦ ਦੇ ਦੋਸ਼ਾਂ ’ਚ ਭਾਰਤ ’ਚ ਲੋੜੀਂਦਾ ਪੰਨੂੰ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਰੱਖਦਾ ਹੈ।