
ਘਰ ਜਾ ਕੇ ਪ੍ਰਵਾਰ ਨਾਲ ਰਹਿਣ ਦੀ ਵੀ ਇਜਾਜ਼ਤ ਮਿਲੀ
ਸੈਨ ਮੈਟੀਓ: ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਇਕ ਰੇਡੀਓਲੌਜਿਸਟ ਧਰਮੇਸ਼ ਪਟੇਲ (42) ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ ਤੇ ਉਸ ਨੂੰ ਅਪਣੇ ਪ੍ਰਵਾਰ ਕੋਲ ਘਰ ਜਾਣ ਦੀ ਇਜਾਜ਼ਤ ਵੀ ਮਿਲ ਗਈ ਹੈ ਪਰ ਹਾਲੇ ਉਸ ਨੂੰ ਕੁਝ ਹਫ਼ਤੇ ਹੋਰ ਜੇਲ ’ਚ ਹੀ ਰਹਿਣਾ ਪਵੇਗਾ। ਭਾਰਤੀ ਮੂਲ ਦੇ ਇਸ ਡਾਕਟਰ ਨੇ 2 ਜਨਵਰੀ, 2023 ਨੂੰ ਅਪਣੀ ਪਤਨੀ, ਸੱਤ ਸਾਲਾ ਧੀ ਤੇ ਚਾਰ ਸਾਲਾ ਪੁਤਰ ਨੂੰ ਕਾਰ ’ਚ ਬਿਠਾ ਕੇ ਉਨ੍ਹਾਂ ਨੂੰ ਪਹਾੜ ਦੀ ਟੀਸੀ ਤੋਂ 330 ਫ਼ੁਟ ਡੂੰਘੀ ਖੱਡ ’ਚ ਸੁਟ ਦਿਤਾ ਸੀ। ਤਦ ਉਹ ਆਪ ਵੀ ਕਾਰ ’ਚ ਮੌਜੂਦ ਸੀ। ਖ਼ੁਸ਼ਕਿਸਮਤੀ ਨਾਲ ਉਹ ਚਾਰੇ ਬਚ ਗਏ ਸਨ। ਤਦ ਡਾ. ਪਟੇਲ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ ਅਤੇ ਉਸ ਦਾ ਇਲਾਜ ਵੀ ਚੱਲ ਰਿਹਾ ਸੀ। ਉਸ ਦੇ ਅਜਿਹਾ ਇਲਾਜ ਕਰਵਾਉਣ ਦੇ ਬਾਕਾਇਦਾ ਸਬੂਤ ਮੌਜੂਦ ਸਨ। ਇਸੇ ਲਈ ਅਦਾਲਤ ਨੇ ਉਸ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਦਾ ਫ਼ੈਸਲਾ ਸੁਣਾਇਆ।
ਪਹਿਲਾਂ ਤਾਂ ਉਸ ਦੇ ਪ੍ਰਵਾਰ ਨੇ ਡਾਕਟਰਾਂ ਨੂੰ ਬਿਆਨ ਦਿਤਾ ਸੀ - ‘ਉਸ ਨੇ ਸਾਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ’ ਪਰ ਬਾਅਦ ’ਚ ਉਸ ਦੀ ਪਤਨੀ ਨੇਹਾ ਪਟੇਲ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਸ ਦੇ ਪਤੀ ਨੂੰ ਘਰ ਆਉਣ ਦੀ ਇਜਾਜ਼ਤ ਦਿਤੀ ਜਾਵੇ। ਉਸ ਨੇ ਅਦਾਲਤ ’ਚ ਅਪਣੀ ਪੇਸ਼ੀ ਦੌਰਾਨ ਭਾਵੁਕ ਜਿਹਾ ਬਿਆਨ ਦਿੰਦਿਆਂ ਇਹ ਵੀ ਆਖਿਆ ਸੀ,‘ਮੇਰਾ ਨਿਕਾ ਪੁੱਤਰ ਪੁਛਦਾ ਹੈ ਕਿ ਡੈਡੀ ਕਦੋਂ ਆ ਰਹੇ ਹਨ?’
ਨੇਹਾ ਪਟੇਲ ਨੇ ਜਦੋਂ ਇਹ ਬਿਆਨ ਦਿਤਾ ਸੀ, ਤਦ ਧਰਮੇਸ਼ ਪਟੇਲ ਜੇਲ ’ਚ ਸੀ ਅਤੇ ਉਸ ’ਤੇ ਤਿੰਨ ਜਣਿਆਂ ਦੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਵੀ ਲੱਗਾ ਹੋਇਆ ਸੀ। ਸੁਣਵਾਈ ਤੋਂ ਬਾਅਦ ਅਦਾਲਤ ਨੇ ਡਾ. ਧਰਮੇਸ਼ ਪਟੇਲ ਨੂੰ ਬਰੀ ਕਰ ਦਿਤਾ। ਪਰ ਉਸ ’ਤੋਂ ਕਤਲ ਦੇ ਦੋਸ਼ ਪੂਰੀ ਤਰ੍ਹਾਂ ਤਦ ਹੀ ਹਟਣਗੇ, ਜੇ ਉਹ ਪੂਰੇ ਦੋ ਸਾਲ ਮਨੋਵਿਗਿਆਨੀਆਂ ਤੋਂ ਅਪਣੀ ਬੀਮਾਰ ਮਾਨਸਿਕਤਾ ਦਾ ਇਲਾਜ ਕਰਵਾਏਗਾ। ਹਾਲੇ ‘ਬ੍ਰਿਜਿੰਗ ਪੀਰੀਅਡ’ ਦੌਰਾਨ ਉਸ ਨੂੰ ਜੇਲ ’ਚ ਹੀ ਰਹਿਣਾ ਹੋਵੇਗਾ ਤੇ ਫਿਰ ਹੀ ਬੈਲਮੌਂਟ ਸਥਿਤ ਅਪਣੇ ਘਰ ’ਚ ਪ੍ਰਵਾਰ ਨਾਲ ਰਹਿ ਸਕੇਗਾ।