ਚੀਨ ’ਚ ਬਣੇ ਇਲੈਕਟ੍ਰਿਕ ਵਾਹਨਾਂ ’ਤੇ ਮੋਟੇ ਟੈਰਿਫ਼ ਲਾਏਗਾ ਕੈਨੇਡਾ
Canada News: ਕੈਨੇਡੀਅਨ ਸਰਕਾਰ ਨੇ ਚੀਨ ਵਿੱਚ ਨਿਰਮਿਤ ਇਲੈਕਟ੍ਰਿਕ ਵਾਹਨਾਂ (ਈਵੀ) ਦੇ ਆਯਾਤ 'ਤੇ 100 ਫੀਸਦੀ ਡਿਊਟੀ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਅਮਰੀਕਾ ਵੱਲੋਂ ਲਗਾਈ ਗਈ ਡਿਊਟੀ ਦੇ ਸਮਾਨ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸੋਮਵਾਰ ਨੂੰ ਐਲਾਨ ਕੀਤਾ ਕਿ ਚੀਨ ਤੋਂ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ 'ਤੇ 25 ਫੀਸਦੀ ਡਿਊਟੀ ਲਗਾਈ ਜਾਵੇਗੀ। "ਚੀਨ ਵਰਗੇ ਦੇਸ਼ਾਂ ਨੇ ਆਪਣੇ ਆਪ ਨੂੰ ਗਲੋਬਲ ਮਾਰਕੀਟਪਲੇਸ ਵਿੱਚ ਇੱਕ ਅਨੁਚਿਤ ਫਾਇਦਾ ਦੇਣ ਲਈ ਚੁਣਿਆ ਹੈ," ਟਰੂਡੋ ਦੀ ਸਰਕਾਰ ਨੇ ਇਸ ਗਰਮੀ ਦੇ ਸ਼ੁਰੂ ਵਿੱਚ ਇਸ ਮੁੱਦੇ 'ਤੇ 30 ਦਿਨਾਂ ਦੀ ਐਮਰਜੈਂਸੀ ਦਾ ਐਲਾਨ ਕੀਤਾ ਸੀ।
ਕੈਨੇਡਾ ਅਮਰੀਕਾ ਦੇ ਨਕਸ਼ੇ ਕਦਮਾਂ 'ਤੇ
ਕੈਨੇਡਾ ਦਾ ਇਹ ਕਦਮ ਅਮਰੀਕਾ ਅਤੇ ਯੂਰਪੀ ਕਮਿਸ਼ਨ ਦੋਵਾਂ ਨੇ ਚੀਨੀ ਇਲੈਕਟ੍ਰਿਕ ਵਾਹਨਾਂ 'ਤੇ ਉੱਚ ਦਰਾਮਦ ਡਿਊਟੀ ਲਗਾਉਣ ਦੀ ਯੋਜਨਾ ਦਾ ਐਲਾਨ ਕਰਨ ਤੋਂ ਕੁਝ ਹਫਤੇ ਬਾਅਦ ਲਿਆ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਐਤਵਾਰ ਨੂੰ ਨੋਵਾ ਸਕੋਸ਼ੀਆ ਦੇ ਹੈਲੀਫੈਕਸ ਵਿੱਚ ਟਰੂਡੋ ਅਤੇ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਦੌਰਾਨ ਕੈਨੇਡਾ ਨੂੰ ਅਜਿਹਾ ਕਦਮ ਚੁੱਕਣ ਲਈ ਉਤਸ਼ਾਹਿਤ ਕੀਤਾ ਸੀ।ਟਰੂਡੋ ਨੇ ਕਿਹਾ ਕਿ ਸਰਕਾਰ ਕੈਨੇਡੀਅਨ ਵਰਕਰਾਂ ਲਈ ਬਰਾਬਰ ਦੇ ਮੌਕੇ ਦੇਣ ਅਤੇ ਕੈਨੇਡਾ ਦੇ ਇਲੈਕਟ੍ਰੋਨਿਕ ਵਾਹਨਾਂ ਦੇ ਉਦਯੋਗ ਨੂੰ ਆਪਣੇ ਮੁਲਕ, ਉੱਤਰੀ ਅਮਰੀਕਾ ਅਤੇ ਦੁਨੀਆ ਭਰ ਵਿਚ ਮੁਕਾਬਲੇ ਯੋਗ ਬਣਾਉਣ ਲਈ ਇਹ ਕਦਮ ਚੁੱਕ ਰਹੀ ਹੈ। ਨਵੇਂ ਟੈਰਿਫ਼ ਇਲੈਕਟ੍ਰਿਕ ਅਤੇ ਕੁਝ ਹਾਈਬ੍ਰਿਡ ਕਾਰਾਂ, ਟਰੱਕਾਂ, ਬੱਸਾਂ ਅਤੇ ਡਿਲੀਵਰੀ ਵੈਨਾਂ ‘ਤੇ ਲਾਗੂ ਹੋਣਗੇ।
ਅਮਰੀਕੀ ਟੇਸਲਾ ਨੂੰ ਹੋਵੇਗਾ ਫਾਇਦਾ
ਟੇਸਲਾ ਇਸ ਸਮੇਂ ਕੈਨੇਡਾ ਵਿੱਚ ਸਿਰਫ਼ ਚੀਨੀ ਬਣੀਆਂ ਈਵੀਜ਼ ਹੀ ਆਯਾਤ ਕਰ ਰਹੀ ਹੈ ਜੋ ਕੰਪਨੀ ਦੀ ਸ਼ੰਘਾਈ ਫੈਕਟਰੀ ਵਿੱਚ ਬਣੀਆਂ ਹਨ। ਫਿਲਹਾਲ ਕੈਨੇਡਾ ਵਿੱਚ ਚੀਨੀ-ਬ੍ਰਾਂਡ ਵਾਲੇ ਇਲੈਕਟ੍ਰਿਕ ਵਾਹਨ ਨਹੀਂ ਵੇਚੇ ਜਾ ਰਹੇ ਹਨ ਅਤੇ ਨਾ ਹੀ ਆਯਾਤ ਕੀਤੇ ਜਾ ਰਹੇ ਹਨ। ਕੈਨੇਡੀਅਨ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਕਿ ਕੈਨੇਡਾ ਇਸ ਮਾਮਲੇ 'ਤੇ ਅਮਰੀਕਾ ਅਤੇ ਈਯੂ ਵਿਚਲੇ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰੇਗਾ ਕਿਉਂਕਿ ਉੱਤਰੀ ਅਮਰੀਕਾ ਕੋਲ ਇਕ ਏਕੀਕ੍ਰਿਤ ਆਟੋ ਸੈਕਟਰ ਹੈ। ਫ੍ਰੀਲੈਂਡ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਕੈਨੇਡਾ ਚੀਨ ਦੀ ਵਾਧੂ ਸਪਲਾਈ ਲਈ "ਡੰਪਿੰਗ ਸਾਈਟ" ਨਾ ਬਣੇ।