
ਦਸ ਦਈਏ ਕਿ ਰੂਸੀ ਹਮਲੇ 'ਚ ਯੂਕਰੇਨ ਦੇ ਪਾਵਰ ਗਰਿੱਡ 'ਤੇ 170 ਤੋਂ ਜ਼ਿਆਦਾ ਮਿਜ਼ਾਈਲਾਂ ਅਤੇ ਡਰੋਨ ਦਾਗੇ ਗਏ ਸਨ।
Russia-Ukraine War latest news in punjabi: ਰੂਸ ਅਤੇ ਯੂਕਰੇਨ ਵਿਚਾਲੇ ਚਲ ਰਹੀ ਜੰਗ ਹੋਰ ਗੰਭੀਰ ਰੂਪ ਲੈਂਦੀ ਨਜ਼ਰ ਆ ਰਹੀ ਹੈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਦੇਸ਼ ਦੇ ਪਾਵਰ ਗਰਿੱਡ 'ਤੇ ਹਮਲੇ ਨੂੰ ਲੈ ਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਤੇ ਨਿਸ਼ਾਨਾ ਸਾਧਿਆ ਹੈ। ਜ਼ੇਲੇਂਸਕੀ ਨੇ ਕਿਹਾ ਕਿ ਰੂਸ ਨੇ ਇਸ ਹਮਲੇ ਲਈ ਜਾਣ-ਬੁਝ ਕੇ ਕ੍ਰਿਸਮਸ ਦਾ ਦਿਨ ਚੁਣਿਆ ਸੀ।
ਦਸ ਦਈਏ ਕਿ ਰੂਸੀ ਹਮਲੇ 'ਚ ਯੂਕਰੇਨ ਦੇ ਪਾਵਰ ਗਰਿੱਡ 'ਤੇ 170 ਤੋਂ ਜ਼ਿਆਦਾ ਮਿਜ਼ਾਈਲਾਂ ਅਤੇ ਡਰੋਨ ਦਾਗੇ ਗਏ ਸਨ। ਇਸ ਹਮਲੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਭਾਰੀ ਬਲੈਕਆਊਟ ਹੋ ਗਿਆ। ਜ਼ੇਲੇਂਸਕੀ ਨੇ ਵੀ ਇਸ ਹਮਲੇ ਨੂੰ ਅਣਮਨੁੱਖੀ ਦਸਿਆ ਹੈ।
ਰੂਸ ਦੇ ਇਸ ਹਮਲੇ ਬਾਰੇ ਯੂਕਰੇਨ ਨੇ ਕਿਹਾ ਕਿ ਅਜਿਹਾ ਹਮਲਾ ਅਣਮਨੁੱਖੀ ਹੈ। ਪੁਤਿਨ ਨੇ ਜਾਣ-ਬੁਝ ਕੇ ਇਸ ਦਿਨ ਨੂੰ ਹਮਲੇ ਲਈ ਚੁਣਿਆ ਹੈ। ਰੂਸ ਨੇ ਕੁੱਲ 70 ਤੋਂ ਵੱਧ ਮਿਜ਼ਾਈਲਾਂ ਅਤੇ ਸੌ ਤੋਂ ਵੱਧ ਡਰੋਨਾਂ ਨਾਲ ਸਾਡੀ ਊਰਜਾ ਪ੍ਰਣਾਲੀ 'ਤੇ ਹਮਲਾ ਕੀਤਾ ਹੈ। ਦਸਿਆ ਜਾ ਰਿਹਾ ਹੈ ਕਿ ਇਸ ਰੂਸੀ ਹਮਲੇ 'ਚ ਯੂਕਰੇਨ ਦੀ ਹਵਾਈ ਫ਼ੌਜ ਨੇ 50 ਤੋਂ ਜ਼ਿਆਦਾ ਮਿਜ਼ਾਈਲਾਂ ਨੂੰ ਡੇਗਿਆ ਪਰ ਇਨ੍ਹਾਂ 'ਚੋਂ ਕੁਝ ਉਨ੍ਹਾਂ ਦੇ ਨਿਸ਼ਾਨੇ 'ਤੇ ਡਿੱਗ ਗਈਆਂ।
ਯੂਕਰੇਨ 'ਤੇ ਹੋਏ ਇਸ ਹਮਲੇ 'ਚ ਰੂਸ ਨੇ ਖਾਰਕਿਵ 'ਤੇ ਵੀ ਹਮਲਾ ਕੀਤਾ ਹੈ। ਇਸ ਹਮਲੇ ਬਾਰੇ ਨਿਪ੍ਰੋਪੇਤ੍ਰੋਵਸਕ ਦੇ ਗਵਰਨਰ ਸਰਗੇਈ ਨੇ ਕਿਹਾ ਕਿ ਰੂਸ ਇਸ ਖੇਤਰ ਦੀ ਬਿਜਲੀ ਪ੍ਰਣਾਲੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰੂਸ ਦੇ ਇਸ ਹਮਲੇ ਪਿੱਛੇ ਇਰਾਦਾ ਇਹ ਹੈ ਕਿ ਉਹ ਸਾਡੇ ਵਸੀਲਿਆਂ ਨੂੰ ਤਬਾਹ ਕਰਨਾ ਚਾਹੁੰਦਾ ਹੈ।
ਕੁਝ ਦਿਨ ਪਹਿਲਾਂ ਹੀ ਯੂਕਰੇਨ ਨੇ ਰੂਸੀ ਫ਼ੌਜ ਦੇ ਸੀਨੀਅਰ ਅਧਿਕਾਰੀ ਇਗੋਰ ਕਿਰੀਲੋਵ ਦੀ ਹੱਤਿਆ ਕਰ ਦਿਤੀ ਸੀ। ਕਿਰਿਲੋਵ ਦੀ ਮਾਸਕੋ ਵਿਚ ਇੱਕ ਸਕੂਟਰ ਧਮਾਕੇ ਵਿਚ ਮੌਤ ਹੋ ਗਈ। ਦਸਿਆ ਜਾ ਰਿਹਾ ਸੀ ਕਿ ਇਸ ਹਮਲੇ 'ਚ ਕਿਰਿਲੋਵ ਦੇ ਸਾਥੀ ਦੀ ਵੀ ਮੌਤ ਹੋ ਗਈ ਸੀ। ਰੂਸ ਮੁਤਾਬਕ ਇਹ ਸਕੂਟਰ ਕਿਰੀਲੋਵ ਦੇ ਅਪਾਰਟਮੈਂਟ ਦੇ ਬਾਹਰ ਇੱਕ ਸੋਚੀ-ਸਮਝੀ ਰਣਨੀਤੀ ਵਜੋਂ ਖੜ੍ਹਾ ਕੀਤਾ ਗਿਆ ਸੀ। ਜਦੋਂ ਕਿਰੀਲੋਵ ਸਵੇਰੇ ਤੜਕੇ ਆਪਣੀ ਇਮਾਰਤ ਤੋਂ ਬਾਹਰ ਆਇਆ ਤਾਂ ਇਸ ਸਕੂਟਰ ਵਿਚ ਜ਼ਬਰਦਸਤ ਧਮਾਕਾ ਹੋ ਗਿਆ। ਇਸ ਧਮਾਕੇ ਬਾਰੇ ਯੂਕਰੇਨ ਨੇ ਕਿਹਾ ਸੀ ਕਿ ਇਹ ਹਮਲਾ ਯੂਕਰੇਨ ਦੀ ਫ਼ੌਜ ਨੇ ਕੀਤਾ ਹੈ।