
ਇਸ ਹਮਲੇ 'ਚ 11 ਲੋਕ ਜ਼ਖਮੀ ਵੀ ਹੋਏ ਹਨ। ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਕੀਵ: ਰੂਸ-ਯੂਕਰੇਨ ਜੰਗ ਇਕ ਵਾਰ ਫਿਰ ਭਖ ਗਈ ਹੈ। ਕਈ ਦੇਸ਼ਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਜੰਗ ਨੂੰ ਰੋਕਿਆ ਨਹੀਂ ਜਾ ਸਕਿਆ। ਰੂਸ ਨੇ ਹੁਣ ਯੂਕਰੇਨ 'ਤੇ ਮਿਜ਼ਾਈਲ ਹਮਲੇ ਨੂੰ ਵਧਾ ਦਿੱਤਾ ਹੈ। ਵੀਰਵਾਰ ਨੂੰ ਯੂਕਰੇਨ 'ਤੇ ਰੂਸੀ ਮਿਜ਼ਾਈਲ ਹਮਲੇ 'ਚ ਕਰੀਬ 11 ਲੋਕਾਂ ਦੀ ਮੌਤ ਹੋ ਗਈ ਹੈ। ANI ਦੀ ਰਿਪੋਰਟ ਮੁਤਾਬਕ CNN ਨੇ ਦੱਸਿਆ ਕਿ ਇਸ ਹਮਲੇ 'ਚ 11 ਲੋਕ ਜ਼ਖਮੀ ਵੀ ਹੋਏ ਹਨ। ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਫੌਜ ਦੇ ਬੁਲਾਰੇ ਅਲੈਗਜ਼ੈਂਡਰ ਖੋਰੁੰਦਝੀ ਨੇ ਇਕ ਬਿਆਨ 'ਚ ਕਿਹਾ ਕਿ ਕੀਵ ਦੇ ਰਿਹਾਇਸ਼ੀ ਖੇਤਰ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਦੱਸਿਆ ਗਿਆ ਹੈ ਕਿ ਹਮਲੇ ਤੋਂ ਬਾਅਦ 100 ਦੇ ਕਰੀਬ ਬਚਾਅ ਕਰਮਚਾਰੀ ਬਚਾਅ ਕਾਰਜ 'ਚ ਲੱਗੇ ਹੋਏ ਹਨ। ਅਮਰੀਕਾ ਨੇ ਰੂਸ ਦੇ ਮਿਜ਼ਾਈਲ ਹਮਲੇ ਦੀ ਨਿੰਦਾ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਵੀਰਵਾਰ ਨੂੰ ਰੁਟੀਨ ਬ੍ਰੀਫਿੰਗ 'ਚ ਯੂਕਰੇਨ 'ਤੇ ਹਮਲੇ ਦੀ ਨਿੰਦਾ ਕੀਤੀ ਅਤੇ ਜ਼ਖਮੀ ਹੋਏ ਸਾਰੇ ਲੋਕਾਂ ਪ੍ਰਤੀ ਹਮਦਰਦੀ ਪ੍ਰਗਟਾਈ।
Russia's attack on Ukraine
ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਕਿਹਾ, “ਜਿਵੇਂ ਕਿ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ, ਰੂਸ ਨੇ ਯੂਕਰੇਨ ਵਿਚ ਹੋਰ ਮਿਜ਼ਾਈਲਾਂ ਦਾਗੀਆਂ ਹਨ। ਸੰਯੁਕਤ ਰਾਜ ਵੱਲੋਂ, ਮੈਂ ਸਾਰੇ ਪ੍ਰਭਾਵਿਤ ਲੋਕਾਂ ਪ੍ਰਤੀ ਸਾਡੀ ਹਮਦਰਦੀ ਅਤੇ ਹਮਲੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਨਾ ਚਾਹੁੰਦਾ ਹਾਂ।"
ਪਿਛਲੇ ਹਫ਼ਤੇ, ਡਨੀਪਰੋ ਸ਼ਹਿਰ ਦੇ ਇੱਕ ਅਪਾਰਟਮੈਂਟ ਬਲਾਕ ਵਿੱਚ ਰੂਸੀ ਮਿਜ਼ਾਈਲਾਂ ਦੇ ਹਮਲੇ ਕਾਰਨ ਲਗਭਗ 30 ਲੋਕ ਮਾਰੇ ਗਏ ਸਨ। ਖੇਤਰੀ ਗਵਰਨਰ ਦੀ ਸਲਾਹਕਾਰ ਨਤਾਲੀਆ ਬਾਬਾਚੇਂਕੋ ਨੇ ਦੱਸਿਆ ਕਿ ਹੁਣ ਤੱਕ 30 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ ਅਤੇ 30 ਤੋਂ ਵੱਧ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ 12 ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੇ ਹੋਰ ਅੰਦਾਜ਼ਾ ਲਗਾਇਆ ਕਿ ਮਲਬੇ ਹੇਠ ਅਜੇ ਵੀ 30 ਤੋਂ 40 ਲੋਕ ਦੱਬੇ ਹੋ ਸਕਦੇ ਹਨ।