
IMF hits Pakistan: ਪਾਕਿਸਤਾਨ ਨੇ ਈਵੀ ਅਪਣਾਉਣ ਨੂੰ ਉਤਸ਼ਾਹਤ ਕਰਨ ਲਈ ਟੈਕਸ ਰਾਹਤ ਦੀ ਕੀਤੀ ਸੀ ਸਿਫ਼ਾਰਸ਼
IMF hits Pakistan: ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ਼) ਨੇ ਇਲੈਕਟ੍ਰਿਕ ਵਾਹਨਾਂ (ਈਵੀ) ’ਤੇ ਪਾਕਿਸਤਾਨ ਦੀ ਪ੍ਰਸਤਾਵਿਤ ਵਿਕਰੀ ਟੈਕਸ ਛੋਟ ਨੂੰ ਰੱਦ ਕਰ ਦਿਤਾ ਹੈ। ਇਕ ਰਿਪੋਰਟ ਅਨੁਸਾਰ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਟੈਕਸ ਦਰਾਂ ਮਿਆਰੀ ਨੀਤੀਆਂ ਦੇ ਅਨੁਸਾਰ ਰਹਿਣੀਆਂ ਚਾਹੀਦੀਆਂ ਹਨ। ਆਈਐਮਐਫ਼ ਨੇ ਪਾਕਿਸਤਾਨ ਦੀ ਈਵੀ ਨੀਤੀ ਤਹਿਤ ਟੈਕਸ ਰਿਆਇਤਾਂ ’ਤੇ ਇਤਰਾਜ਼ ਜਤਾਇਆ ਹੈ। ਇਹ ਇਤਰਾਜ ਖਾਸ ਤੌਰ ’ਤੇ ਇਲੈਕਟ੍ਰਿਕ ਵਾਹਨਾਂ ਲਈ ਕੰਪੋਨੈਂਟਸ ਦੀ ਸਥਾਨਕ ਵਿਕਰੀ ’ਤੇ ਛੋਟ ਨੂੰ ਲੈ ਕੇ ਜਤਾਇਆ ਗਿਆ ਹੈ।
ਪਾਕਿਸਤਾਨ ਦੇ ਉਦਯੋਗ ਅਤੇ ਉਤਪਾਦਨ ਮੰਤਰਾਲੇ ਨੇ ਈਵੀ ਅਪਣਾਉਣ ਨੂੰ ਉਤਸ਼ਾਹਤ ਕਰਨ ਲਈ ਟੈਕਸ ਰਾਹਤ ਦੀ ਸਿਫ਼ਾਰਸ਼ ਕੀਤੀ ਸੀ। ਹਾਲਾਂਕਿ, ਰਿਪੋਰਟ ਦੇ ਅਨੁਸਾਰ ਗਲੋਬਲ ਰਿਣਦਾਤਾ ਨੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਈਵੀ ਲਈ ਕੱਚੇ ਮਾਲ ’ਤੇ ਵਿਕਰੀ ਟੈਕਸ ਨੂੰ ਹਟਾਇਆ ਨਹੀਂ ਜਾਣਾ ਚਾਹੀਦਾ। ਮੌਜੂਦਾ ਸਮੇਂ ਵਿੱਚ, ਪਾਕਿਸਤਾਨ ਅਤੇ ਆਈਐਮਐਫ਼ ਜਲਵਾਯੂ ਫ਼ੰਡਿੰਗ ਲਈ ਗੱਲਬਾਤ ਕਰ ਰਹੇ ਹਨ, ਅਤੇ ਚਰਚਾ ਹੁਣ ਆਪਣੇ ਤੀਜੇ ਦੌਰ ਵਿੱਚ ਹੈ। ਦੋਨਾਂ ਪੱਖਾਂ ਵਿਚ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨਾਂ ਅਤੇ ਟੈਰਿਫ਼ ਐਡਜਸਟਮੈਂਟ ’ਤੇ ਵੀ ਗੱਲਬਾਤ ਤੈਅ ਹੈ, ਪਾਕਿਸਤਾਨ ਸਰਕਾਰ 2030 ਤੱਕ 3,000 ਚਾਰਜਿੰਗ ਸਟੇਸ਼ਨਾਂ ਨੂੰ ਵਿਕਸਤ ਕਰਨ ਦੇ ਦੇਸ਼ ਦੇ ਟੀਚੇ ਬਾਰੇ ਆਈਐਮਐਫ਼ ਨੂੰ ਜਾਣਕਾਰੀ ਦੇਵੇਗੀ।
ਅੰਤਰਰਾਸ਼ਟਰੀ ਮੁਦਰਾ ਫ਼ੰਡ (ਆਈਐਮਐਫ) ਦਾ ਇੱਕ ਤਕਨੀਕੀ ਪ੍ਰਤੀਨਿਧੀ ਵਫ਼ਦ ਜਲਵਾਯੂ ਫ਼ਡਿੰਗ ਅਤੇ ਸਬੰਧਤ ਨੀਤੀ ਉਪਾਵਾਂ ’ਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਗੱਲਬਾਤ ਲਈ ਸੋਮਵਾਰ ਨੂੰ ਇਸਲਾਮਾਬਾਦ ਪਹੁੰਚਿਆ। ਆਈਐਮਐਫ਼ ਟੀਮ ਦਾ ਉਦੇਸ਼ ਟਰੈਕਿੰਗ ਮਕੈਨਿਜ਼ਮ ਅਤੇ ਹਰੇ ਬਜਟ ਸਮੇਤ ਜਲਵਾਯੂ ਵਿੱਤ ਸਬੰਧੀ ਰਣਨੀਤੀਆਂ ਦੀ ਸਮੀਖਿਆ ਕਰਨ ਲਈ ਅਧਿਕਾਰੀਆਂ ਨਾਲ ਗੱਲਬਾਤ ਕਰਨਾ ਹੈ। 28 ਫ਼ਰਵਰੀ ਤੱਕ ਚੱਲਣ ਵਾਲੀ ਇਸ ਚਰਚਾ ਦਾ ਉਦੇਸ਼ ਜਲਵਾਯੂ ਅਨੁਕੂਲਨ ਅਤੇ ਵਿੱਤ ’ਤੇ ਪਾਕਿਸਤਾਨ ਦੀ ਪ੍ਰਗਤੀ ਦਾ ਮੁਲਾਂਕਣ ਕਰਨਾ ਹੈ।
(For more news apart from IMF News, stay tuned to Rozana Spokesman)