
ਇੱਕ ਔਰਤ ਜ਼ਖ਼ਮੀ, ਪੁਲਿਸ ਵਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ
ਅਮਰੀਕਾ : ਅਮਰੀਕਾ ਦੇ ਟੈਨੇਸੀ ਸੂਬੇ ਵਿੱਚ ਐਤਵਾਰ ਨੂੰ ਇੱਕ ਹਾਈਵੇਅ 'ਤੇ ਭਿਆਨਕ ਹਾਦਸਾ ਵਾਪਰਿਆ। ਇਸ ਕਾਰ ਹਾਦਸੇ ਵਿੱਚ ਇੱਕ ਸਾਲ ਦੀ ਬੱਚੀ ਸਮੇਤ ਛੇ ਲੜਕੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਦੋ ਹੋਰ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ।
ਰੌਬਰਟਸਨ ਕਾਉਂਟੀ ਦੇ ਆਫਿਸ ਆਫ ਐਮਰਜੈਂਸੀ ਮੈਨੇਜਮੈਂਟ ਸਰਵਿਸਿਜ਼ ਦੇ ਮੁਖੀ ਬ੍ਰੈਂਟ ਡਾਇਰ ਨੇ ਦੱਸਿਆ ਕਿ ਹਾਦਸੇ 'ਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।
ਅਧਿਕਾਰੀਆਂ ਵਲੋਂ ਇੱਕ ਰੀਲੀਜ਼ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਲੜਕੀਆਂ ਅਧਿਕਾਰੀਆਂ ਨੂੰ ਮ੍ਰਿਤਕ ਮਿਲੀਆਂ ਸਨ। ਐਮਰਜੈਂਸੀ ਵਿਭਾਗ ਦੇ ਮੁਲਾਜ਼ਮਾਂ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਮੌਕੇ ਤੋਂ ਇੱਕ ਛੋਟੀ ਬੱਚੀ (ਉਮਰ ਕਰੀਬ ਇੱਕ ਸਾਲ) ਸਮੇਤ 6 ਲੜਕੀਆਂ ਕਾਰ ਦੇ ਬਾਹਰ ਮ੍ਰਿਤਕ ਮਿਲੀਆਂ। ਜਾਣਕਾਰੀ ਅਨੁਸਾਰ ਇਨ੍ਹਾਂ ਦੀ ਉਮਰ ਕਰੀਬ 18 ਸਾਲ ਦੱਸੀ ਜਾ ਰਹੀ ਹੈ।
ਇਸ ਤੋਂ ਇਲਾਵਾ ਇੱਕ ਹੋਰ ਬਾਲਗ ਲੜਕੀ, ਜਿਸ ਨੂੰ ਕਾਰ ਦੇ ਵਿਚੋਂ ਕੱਢਿਆ ਗਿਆ, ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਬਚਾਅ ਅਧਿਕਾਰੀਆਂ ਨੇ ਉਕਤ ਲੜਕੀ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਜਿਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਇਸ ਕਾਰ ਦੀ ਜਿਸ ਗੱਡੀ ਨਾਲ ਟੱਕਰ ਹੋਈ ਸੀ ਉਸ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਫਿਲਹਾਲ ਟੈਨੇਸੀ ਹਾਈਵੇ ਪੈਟਰੋਲ ਏਜੰਸੀ ਵਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਵਿਚ ਮਰਨ ਵਾਲੀਆਂ ਲੜਕੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਨਾ ਹੀ ਇਹ ਸਪਸ਼ਟ ਹੋਇਆ ਹੈ ਕਿ ਉਕਤ ਲੜਕੀਆਂ ਦਾ ਇੱਕ ਦੂਜੇ ਨਾਲ ਕੀ ਸਬੰਧ ਸੀ।