
ਹੜ੍ਹ ਕਾਰਨ ਹੁਣ ਤੱਕ 5 ਲੋਕਾਂ ਦੀ ਹੋ ਚੁੱਕੀ ਹੈ ਮੌਤ
Sikhs organize langar for flood victims in Australia: ਆਸਟਰੇਲੀਆ ਦੇ ਹੜ੍ਹ ਪ੍ਰਭਾਵਤ ਨਿਊ ਸਾਊਥ ਵੇਲਜ਼ ਸੂਬੇ ’ਚ ਮਦਦ ਦੀ ਉਡੀਕ ਕਰ ਰਹੇ ਲੋਕਾਂ ਲਈ ਸਥਾਨਕ ਸਿੱਖ ਰੱਬ ਬਣ ਕੇ ਬਹੁੜ ਰਹੇ ਹਨ। ਗੁਆਂਢੀ ਸੂਬੇ ਵਿਕਟੋਰੀਆ ਦੀ ਰਾਜਧਾਨੀ ਮੈਲਬੌਰਨ ਅਧਾਰਤ ਵਲੰਟੀਅਰਾਂ ਨੇ 1200 ਕਿਲੋਮੀਟਰ ਦਾ ਸਫ਼ਰ ਕਰ ਕੇ ਇਕ ਪੇਂਡੂ ਕਸਬੇ ਦੇ ਹਾਰਡਵੇਅਰ ਸਟੋਰ ਦੇ ਪਾਰਕਿੰਗ ਖੇਤਰ ’ਚ ਅਪਣੀ ਤੁਰਦੀ ਫਿਰਦੀ ਰਸੋਈ ਬਣਾਈ, ਇਥੇ ਹੜ੍ਹ ਪੀੜਤਾਂ ਲਈ ਲੰਗਰ ਬਣਾਇਆ ਤੇ ਉਨ੍ਹਾਂ ਨੂੰ ਵਰਤਾਇਆ ਗਿਆ।
ਨਿਊ ਸਾਊਥ ਵੇਲਜ਼ ਦੇ ਦੱਖਣ-ਪੂਰਬੀ ਸ਼ਹਿਰਾਂ ’ਚ ਲਗਾਤਾਰ ਮੀਂਹ ਪੈਣ ਕਾਰਨ ਹਜ਼ਾਰਾਂ ਲੋਕਾਂ ਨੂੰ ਅਪਣੇ ਘਰ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ ਹੈ। ਕਿਸਾਨ ਮਾਰਕ ਕਪਾ ਨੂੰ ਤਿੰਨ ਦਿਨਾਂ ਬਾਅਦ ਪਹਿਲੀ ਵਾਰ ਕੁੱਝ ਗਰਮ ਪੀਣ ਨੂੰ ਮਿਲਿਆ। ਸਿੱਖ ਵਲੰਟੀਅਰਾਂ ਨੇ ਹੜ੍ਹ ਪੀੜਤਾਂ ਲਈ ਪਾਸਤਾ, ਚੌਲ ਅਤੇ ਕੜ੍ਹੀ ਬਣਾਈ। ਸਿਡਨੀ ਤੋਂ ਕਰੀਬ 300 ਕਿਲੋਮੀਟਰ ਉੱਤਰ ’ਚ ਸਥਿਤ ਨਿਊ ਸਾਊਥ ਵੇਲਜ਼ ਦੇ ਹੰਟਰ ਅਤੇ ਮਿਡ ਨਾਰਥ ਕੋਸਟ ਖੇਤਰਾਂ ’ਚ ਪਿਛਲੇ ਹਫਤੇ 50,000 ਤੋਂ ਜ਼ਿਆਦਾ ਲੋਕ ਨਦੀ ਦੇ ਕਿਨਾਰੇ ਛਲਕਣ, ਘਰ ਤਬਾਹ ਹੋਣ ਅਤੇ ਸੜਕਾਂ ਦੇ ਵਹਿ ਜਾਣ ਕਾਰਨ ਅਲੱਗ-ਥਲੱਗ ਹੋ ਗਏ ਸਨ। ਹੜ੍ਹਾਂ ਕਾਰਨ ਪੰਜ ਜਣਿਆਂ ਦੀ ਮੌਤ ਹੋ ਚੁਕੀ ਹੈ।
ਕਿਸਾਨ ਕਪਾ ਨੇ ਕਿਹਾ, ‘‘ਸਾਡੇ ਕੋਲ਼ ਖੇਤ ’ਚ ਤਿੰਨ ਦਿਨਾਂ ਤੋਂ ਬਿਜਲੀ ਨਹੀਂ ਹੈ। ਦੁੱਧ ਵੀ ਖ਼ਤਮ ਹੋ ਗਿਆ। ਅਸੀਂ ਸੱਭ ਕੁੱਝ ਗੁਆ ਦਿਤਾ।’’ ਪਿਛਲੇ ਤਿੰਨ ਦਿਨਾਂ ’ਚ ਲਗਭਗ 3,000 ਭੋਜਨ ਦੀਆਂ ਪਲੇਟਾਂ ਵਰਤਾਉਣ ਤੋਂ ਬਾਅਦ ਸਿੱਖ ਵਲੰਟੀਅਰਜ਼ ਆਸਟਰੇਲੀਆ ਦੇ ਮੁਖੀ ਜਸਵਿੰਦਰ ਸਿੰਘ ਨੇ ਕਿਹਾ: ‘‘ਆਫ਼ਤਾਂ ਦੇ ਸਮੇਂ, ਮੈਂ ਵੇਖਿਆ ਹੈ ਕਿ ਆਸਟਰੇਲੀਆ ਦੇ ਲੋਕਾਂ ਦਾ ਜਜ਼ਬਾ ਹੋਰ ਵੀ ਵਧ ਜਾਂਦਾ ਹੈ, ਲੋਕ ਇਕ ਦੂਜੇ ਦੇ ਨੇੜੇ ਆਉਂਦੇ ਹਨ। ਇਹ ਬਹੁਚ ਚੰਗੀ ਗੱਲ ਹੈ। ਇਸ ਦਾ ਬਹੁਤ ਸਕਾਰਾਤਮਕ ਪ੍ਰਭਾਵ ਪੈਂਦਾ ਹੈ।’’
ਹੜ੍ਹ ਪ੍ਰਭਾਵਤ ਅਪਣੇ ਦੋਸਤ ਲਈ ਭੋਜਨ ਲੈਣ ਲਈ ਅਸ਼ਰੀ ਹਡਸਨ ਨੇ ਕਿਹਾ, ‘‘ਇਹ ਯਕੀਨ ਹੋਣਾ ਕਿ ਤੁਸੀਂ ਆ ਸਕਦੇ ਹੋ ਅਤੇ ਕੁੱਝ ਖਾਣਾ ਲੈ ਕੇ ਜਾ ਸਕਦੇ ਹੋ, ਦਿਲ ਨੂੰ ਛੂਹਣ ਵਾਲਾ ਹੈ।’’ ਸਿੱਖ ਵਲੰਟੀਅਰਾਂ ਨੇ 2017 ਤੋਂ ਜੰਗਲਾਂ ਦੀ ਅੱਗ ਅਤੇ ਹੜ੍ਹਾਂ ਸਮੇਤ ਕਈ ਸੰਕਟਾਂ ਦੌਰਾਨ ਲੰਗਰ ਲਗਾਇਆ। ਆਸਟਰੇਲੀਆ ਨੂੰ ਮੌਸਮ ਦੀਆਂ ਵਧਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕੁੱਝ ਮਾਹਰਾਂ ਦਾ ਕਹਿਣਾ ਹੈ ਕਿ ਇਹ ਜਲਵਾਯੂ ਪਰਿਵਰਤਨ ਦਾ ਨਤੀਜਾ ਹਨ। ਪਿਛਲੇ ਦਹਾਕੇ ਦੇ ਅਖ਼ੀਰ ’ਚ ਸੋਕੇ ਅਤੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਤੋਂ ਬਾਅਦ, 2021 ਦੀ ਸ਼ੁਰੂਆਤ ਤੋਂ ਅਕਸਰ ਹੜ੍ਹਾਂ ਨੇ ਤਬਾਹੀ ਮਚਾਈ ਹੈ।
(For more news apart from 'Sikhs organize langar for flood victims in Australia’ latest news latest news, stay tune to Rozana Spokesman)