
ਫ਼ਿਲੀਪੀਨ ਦੇ ਰਾਸ਼ਟਰਪਤੀ ਰੇਡੀਗੋ ਡਊਟਰਟ ਨੇ ਰੱਬ ਨੂੰ 'ਮੂਰਖ' ਕਰਾਰ ਦਿਤਾ ਹੈ ਜਿਸ ਕਾਰਨ ਉਸ ਨੂੰ ਕੈਥੋਲਿਕਾਂ ਦੀ ਬਹੁਤਾਤ ਵਾਲੇ ਅਪਣੇ ਦੇਸ਼ ਵਿਚ ਭਾਰੀ ...
ਮਨੀਲਾ : ਫ਼ਿਲੀਪੀਨ ਦੇ ਰਾਸ਼ਟਰਪਤੀ ਰੇਡੀਗੋ ਡਊਟਰਟ ਨੇ ਰੱਬ ਨੂੰ 'ਮੂਰਖ' ਕਰਾਰ ਦਿਤਾ ਹੈ ਜਿਸ ਕਾਰਨ ਉਸ ਨੂੰ ਕੈਥੋਲਿਕਾਂ ਦੀ ਬਹੁਤਾਤ ਵਾਲੇ ਅਪਣੇ ਦੇਸ਼ ਵਿਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਸ਼ਟਰਪਤੀ ਨੇ ਸ਼ੁਕਰਵਾਰ ਨੂੰ ਭਾਸ਼ਨ ਦਿੰਦਿਆਂ ਬਾਈਬਲ ਦੀ ਕਹਾਣੀ ਦਾ ਜ਼ਿਕਰ ਕੀਤਾ ਅਤੇ ਸਵਾਲ ਚੁੱਕੇ ਕਿ ਰੱਬ ਨੇ ਆਦਮ ਅਤੇ ਹਵਾ ਨੂੰ ਕਿਉਂ ਬਣਾਇਆ ਅਤੇ ਫਿਰ ਉਸ ਵਿਚ ਲਾਲਸਾ ਜਗਾਈ। ਉਸ ਨੇ ਕਿਹਾ ਬਾਈਬਲ ਵਿਚਲਾ ਰੱਬ ਮੂਰਖ ਸੀ। ਰਾਸ਼ਟਰਪਤੀ ਨੇ ਅਪਣੇ ਬੇਬਾਕ ਬਿਆਨਾਂ ਵਿਚ ਪਿਛਲੇ ਸਮੇਂ ਦੌਰਾਨ ਕਈ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾਇਆ ਹੈ।
ਉਸ ਨੇ ਕਿਹਾ, 'ਜੇ ਆਦਮ ਅਤੇ ਈਵ ਦੇ ਜਨਮ ਵਾਲੀ ਕਹਾਣੀ ਸੱਚ ਹੋਵੇ ਤਾਂ ਰੱਬ ਤਾਂ ਕੁੱਤੀ ਦਾ ਬੱਚਾ ਅਤੇ ਮੂਰਖ ਹੋਵੇਗਾ। ਜਦ ਅਗਲੇ ਦਿਨ ਪੱਤਰਕਾਰਾਂ ਨੇ ਉਸ ਨੂੰ ਇਨ੍ਹਾਂ ਟਿਪਣੀਆਂ ਬਾਰੇ ਪੁਛਿਆ ਤਾਂ ਉਸ ਨੇ ਕਿਹਾ ਕਿ ਉਹ ਅਪਣੀਆਂ ਟਿਪਣੀਆਂ ਵਾਪਸ ਨਹੀਂ ਲਵੇਗਾ। ਉਸ ਨੇ ਪੱਤਰਕਾਰਾਂ ਨੂੰ ਕਿਹਾ, 'ਤੁਹਾਡਾ ਰੱਬ, ਮੇਰਾ ਰੱਬ ਨਹੀਂ ਕਿਉਂਕਿ ਤੁਹਾਡਾ ਰੱਬ ਮੂਰਖ ਹੈ, ਮੇਰਾ ਰੱਬ ਕਾਫ਼ੀ ਸਮਝਦਾਰ ਹੈ।' ਰਾਸ਼ਟਰਪਤੀ ਦੇ ਬੁਲਾਰੇ ਹੈਰੀ ਰੋਕਿਊ ਨੇ ਪਹਿਲਾਂ ਕਿਹਾ ਸੀ ਕਿ ਰਾਸ਼ਟਰਪਤੀ ਦਾ ਵਿਸ਼ਵਾਸ ਮਖ਼ੌਲ ਦਾ ਮਾਮਲਾ ਨਹੀਂ ਹੋਣਾ ਚਾਹੀਦਾ।
ਉਸ ਨੇ ਕਿਹਾ, 'ਧਰਮ ਵਿਚ ਵਿਸ਼ਵਾਸ ਕਰਨ ਜਾਂ ਨਾ ਕਰਨ ਲਈ ਅਸੀਂ ਆਜ਼ਾਦ ਹਾਂ। ਇਹ ਰਾਸ਼ਟਰਪਤੀ ਦੇ ਨਿਜੀ ਅਧਿਆਤਮਕ ਵਿਚਾਰ ਹਨ।' ਬੁਲਾਰੇ ਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਨੇ ਪਹਿਲਾਂ ਕਿਹਾ ਸੀ ਕਿ ਕੈਥੋਲਿਕ ਪਾਦਰੀ ਨੇ ਉਸ ਨਾਲ ਉਦੋਂ ਛੇੜਖ਼ਾਨੀ ਕੀਤੀ ਸੀ ਜਦ ਉਹ ਬੱਚਾ ਸੀ। ਸ਼ਾਇਦ ਇਹ ਵਿਚਾਰ ਗਿਰਜੇ ਨਾਲ ਉਸ ਦੇ ਤਜਰਬੇ ਵਿਚੋਂ ਹੀ ਨਿਕਲੇ ਹਨ। ਰਾਸ਼ਟਰਪਤੀ ਨੇ ਗਿਰਜੇ ਵਿਚਲੇ ਭ੍ਰਿਸ਼ਟਾਚਾਰ ਅਤੇ ਜਿਸਮਾਨੀ ਸ਼ੋਸ਼ਣ ਦੇ ਮਾਮਲਿਆਂ ਬਾਰੇ ਵੀ ਸਮੇਂ-ਸਮੇਂ 'ਤੇ ਬਿਆਨ ਦਿਤੇ ਹਨ।
ਉਧਰ, ਦੇਸ਼ ਦੇ ਪਾਦਰੀਆਂ ਨੇ ਰਾਸ਼ਟਰਪਤੀ ਨੂੰ ਪਾਗ਼ਲ ਅਤੇ ਮਾਨਸਿਕ ਰੋਗੀ ਕਰਾਰ ਦਿਤਾ ਹੈ। ਪਾਦਰੀਆਂ ਨੇ ਕਿਹਾ ਕਿ ਰੱਬ ਅਤੇ ਬਾਈਬਲ ਵਿਰੁਧ ਰਾਸ਼ਟਰਪਤੀ ਦਾ ਹੱਲਾ ਇਸ ਗੱਲ ਦਾ ਸਬੂਤ ਹੈ ਕਿ ਉਹ ਮਾਨਸਿਕ ਰੋਗੀ ਅਤੇ ਅਸਾਧਾਰਣ ਬੰਦਾ ਹੈ ਜਿਸ ਨੂੰ ਸਾਡੇ ਸਭਿਅਕ ਅਤੇ ਯਹੂਦੀ ਮੁਲਕ ਦਾ ਰਾਸ਼ਟਰਪਤੀ ਨਹੀਂ ਚੁਣਿਆ ਜਾਣਾ ਚਾਹੀਦਾ ਸੀ। (ਏਜੰਸੀ)