
ਬੀਤੇ ਦਿਨੀਂ ਲਾਸੀਓ ਸੂਬੇ ਦੇ ਜਿਲ਼੍ਹਾ ਲਾਤੀਨਾ ਨੇੜੇ ਇੱਕ ਪਿੰਡ ਵਿਚ 31 ਸਾਲਾ ਭਾਰਤੀ ਨੌਜਵਾਨ ਸਤਨਾਮ ਸਿੰਘ ਦੀ ਖੇਤਾਂ ਵਿੱਚ ਕੰਮ ਕਰਦੇ ਸਮੇਂ ਵਾਪਰੇ ਹਾਦਸੇ ਦੌਰਾਨ ਮੌਤ ਹੋ ਗਈ ਸੀ
Italy News : ਇਟਲੀ ਵਿਚ ਪ੍ਰਵਾਸੀ ਕਾਮਿਆਂ ਨਾਲ ਦਿਨੋਂ ਦਿਨ ਵੱਧ ਰਹੇ ਮਾਲਕਾਂ ਦੇ ਸੋਸ਼ਣ ਨੂੰ ਲੈ ਕੇ ਭਾਰਤੀ ਮੂਲ ਦੇ ਲੋਕਾਂ ਵਿਚ ਗੁੱਸਾ ਦੇਖਣ ਨੂੰ ਮਿਲਿਆ ਹੈ। ਲਾਸੀਓ ਸੂਬੇ ਦੇ ਜਿਲ਼੍ਹਾ ਲਾਤੀਨਾ ਦੇ ਨੇੜੇ ਇੱਕ ਪਿੰਡ ਵਿਚ 31 ਸਾਲਾ ਭਾਰਤੀ ਨੌਜਵਾਨ ਸਤਨਾਮ ਸਿੰਘ ਦੀ ਖੇਤਾਂ ਵਿੱਚ ਕੰਮ ਕਰਦੇ ਸਮੇਂ ਵਾਪਰੇ ਹਾਦਸੇ ਦੌਰਾਨ ਮੌਤ ਹੋ ਗਈ ਸੀ।
ਜਿਸਦੇ ਚਲਦਿਆਂ ਇਟਲੀ ਵਿਚ ਬੀਤੇ ਦਿਨੀਂ ਮਾਲਕ ਦੀ ਅਣਗਹਿਲੀ ਕਾਰਨ ਇਕ ਭਾਰਤੀ ਸਤਨਾਮ ਸਿੰਘ ਦੀ ਹੋਈ ਦਰਦਨਾਕ ਮੌਤ ਕਾਰਨ ਇਕ ਹਫ਼ਤੇ ਵਿਚ ਹੀ ਦੂਜਾ ਵਿਸ਼ਾਲ ਰੋਸ ਮੁਜ਼ਾਹਰਾ ਲਾਤੀਨਾ ਵਿਖੇ ਕੀਤਾ ਗਿਆ, ਜਿਸ ਵਿਚ ਹਜ਼ਾਰਾਂ ਲੋਕਾਂ ਨੇ ਸ਼ਾਮਲ ਹੋ ਕੇ ਮਰਹੂਮ ਸਤਨਾਮ ਸਿੰਘ ਲਈ ਇਟਲੀ ਸਰਕਾਰ ਕੋਲੋਂ ਇਨਸਾਫ ਦੀ ਮੰਗ ਕੀਤੀ।
ਇੰਡੀਅਨ ਕਮਿਊਨਿਟੀ ਇਨ ਲਾਸੀਓ ਦੀ ਅਗਵਾਈ ਵਿਚ ਹੋਰਨਾਂ ਮਜ਼ਦੂਰ ਜਥੇਬੰਦੀਆਂ ਦੇ ਸਹਿਯੋਗ ਨਾਲ ਝੰਡੇ ਹੇਠ ਲਾਤੀਨਾ ਦੇ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਡੀ ਸੀ ਦਫ਼ਤਰ ਤੱਕ ਪੈਦਲ ਮਾਰਚ ਕੀਤਾ ਗਿਆ ਅਤੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਵਿਚ ਭਾਰਤੀ ਭਾਈਚਾਰੇ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਪ੍ਰਵਾਸੀਆਂ ਵੱਲੋਂ ਵੀ ਹਜ਼ਾਰਾਂ ਦੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਸਾਂਝੇ ਵਫ਼ਦ ਵੱਲੋਂ ਮੰਗ-ਪੱਤਰ ਵੀ ਦਿੱਤਾ ਗਿਆ, ਜਿਸ ਵਿਚ ਮਰਹੂਮ ਸਤਨਾਮ ਸਿੰਘ ਦੇ ਪਰਿਵਾਰ ਨੂੰ ਇਨਸਾਫ ਦੇਣ, ਕਾਮਿਆਂ ਦੇ ਸ਼ੋਸ਼ਣ ਨੂੰ ਰੋਕਣ ਤੇ ਕੱਚੇ ਕਾਮਿਆਂ ਲਈ ਇਮੀਗ੍ਰੇਸ਼ਨ ਖੋਲ੍ਹਣ ਦੇ ਮਸਲੇ ਸਬੰਧੀ ਪ੍ਰਸ਼ਾਸਨ ਨਾਲ ਉਚੇਚੇ ਤੌਰ ’ਤੇਵਿਚਾਰ-ਵਟਾਂਦਰਾ ਕੀਤਾ ਗਿਆ।