
ਅਪਣੀ ਧਰਤੀ 'ਤੇ ਬੱਚਿਆਂ ਖ਼ਿਲਾਫ਼ ਹੋ ਰਹੇ ਸ਼ੋਸ਼ਣ ਤੋਂ ਧਿਆਨ ਲਾਂਭੇ ਕਰਨ ਲਈ ਪਾਕਿ ਅਜਿਹੇ ਬਿਆਨ ਦੇ ਰਿਹਾ ਹੈ: ਭਾਰਤ
India & Pakistan's Comments on Kashmir in UN. ਜਨੇਵਾ: ਸੰਯੁਕਤ ਰਾਸ਼ਟਰ ’ਚ ਖੁਲ੍ਹੀ ਬਹਿਸ ਦੌਰਾਨ ਪਾਕਿਸਤਾਨ ਨੇ ਜੰਮੂ-ਕਸ਼ਮੀਰ ਨੂੰ ਲੈ ਕੇ ਗ਼ੈਰ-ਵਾਜਬ ਟਿਪਣੀਆਂ ਕੀਤੀਆਂ ਹਨ। ਭਾਰਤ ਵਲੋਂ ਇਨ੍ਹਾਂ ਟਿਪਣੀਆਂ ਦੀ ਤਿੱਖੀ ਆਲੋਚਨਾ ਕਰਦਿਆਂ ਮੂੰਹ-ਤੋੜ ਜਵਾਬ ਦਿਤਾ ਗਿਆ ਹੈ। ਭਾਰਤ ਨੇ ਕਿਹਾ ਕਿ ਜੰਮੂ-ਕਸ਼ਮੀਰ ’ਤੇ ਉਸ ਦੀਆਂ ਬੇਬੁਨਿਆਦ ਟਿਪਣੀਆਂ ‘ਸਿਆਸਤ ਤੋਂ ਪ੍ਰੇਰਿਤ’ ਹਨ। ਭਾਰਤ ਨੇ ਇਹ ਵੀ ਇਸ਼ਾਰਾ ਕੀਤਾ ਕਿ ਪਾਕਿਸਤਾਨ ਅਜਿਹਾ ਆਪਣੇ ਦੇਸ਼ ’ਚ ਬੱਚਿਆਂ ਖ਼ਿਲਾਫ਼ ‘ਸ਼ੋਸ਼ਣ’ ਦੇ ਮਾਮਲਿਆਂ ਤੋਂ ਧਿਆਨ ਹਟਾਉਣ ਲਈ ਕਰ ਰਿਹਾ ਹੈ। ਭਾਰਤ ਦੇ ਉਪ ਪ੍ਰਤੀਨਿਧ ਆਰ ਰਵਿੰਦਰ ਨੇ ਕਿਹਾ ਕਿ ਪਾਕਿਸਤਾਨ ਆਪਣੀ ਆਦਤ ਤੋਂ ਮਜਬੂਰ ਹੈ।
ਆਰ ਰਵਿੰਦਰ ਨੇ ਕਿਹਾ ਕਿ ਜੰਮੂ-ਕਸ਼ਮੀਰ ਤੇ ਲੱਦਾਖ ਭਾਰਤ ਦੇ ਅਟੁੱਟ ਅਤੇ ਵੱਖਰੇ ਹਿੱਸੇ ਹਨ। ਬਹਿਸ ਦੌਰਾਨ ਆਪਣੀ ਟਿੱਪਣੀ ਖ਼ਤਮ ਕਰਨ ਤੋਂ ਪਹਿਲਾਂ, ਆਰ ਰਵਿੰਦਰ ਨੇ ਕਿਹਾ, ਮੈਂ ਸਪੱਸ਼ਟ ਤੌਰ ’ਤੇ ਇਨ੍ਹਾਂ ਬੇਬੁਨਿਆਦ ਟਿੱਪਣੀਆਂ ਨੂੰ ਨਕਾਰਦਾ ਹਾਂ ਅਤੇ ਨਿੰਦਾ ਕਰਦਾ ਹਾਂ। ਉਨ੍ਹਾਂ ਸਪੱਸ਼ਟ ਕਿਹਾ ਕਿ ਇਹ ਕੁਝ ਨਹੀਂ ਸਗੋਂ ਪਾਕਿਸਤਾਨ ’ਚ ਬੱਚਿਆਂ ਵਿਰੁੱਧ ਹੋ ਰਹੀਆਂ ਗੰਭੀਰ ਉਲੰਘਣਾਵਾਂ ਤੋਂ ਧਿਆਨ ਹਟਾਉਣ ਦੀ ਇਕ ਹੋਰ ਆਦਤ ਹੈ, ਜੋ ਉਸ ਦੇ ਅਪਣੇ ਦੇਸ਼ ’ਚ ਲਗਾਤਾਰ ਜਾਰੀ ਹੈ। ਜਨਰਲ ਸਕੱਤਰ ਦੀ ਰਿਪੋਰਟ ਵਿਚ ਵੀ ਇਹ ਗੱਲ ਉਜਾਗਰ ਕੀਤੀ ਗਈ ਹੈ। ਜਿੱਥੋਂ ਤੱਕ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਸਬੰਧ ਹੈ, ਉਹ ਭਾਰਤ ਦਾ ਅਨਿੱਖੜਵਾਂ ਤੇ ਅਟੁੱਟ ਹਿੱਸਾ ਸਨ ਅਤੇ ਹਮੇਸ਼ਾ ਰਹਿਣਗੇ।
ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ’ਚ ਇਸ ਬਹਿਸ ਦੌਰਾਨ ਆਰ ਰਵਿੰਦਰ ਨੇ ਕਿਹਾ ਕਿ ਇਸ ਸਾਲ ਬੱਚਿਆਂ ਤੇ ਹਥਿਆਰਬੰਦ ਟਕਰਾਅ ਬਾਰੇ ਸੁਰੱਖਿਆ ਕੌਂਸਲ ਦੇ ਮਤੇ 1261 ਨੂੰ ਅਪਣਾਏ 25 ਸਾਲ ਪੂਰੇ ਹੋ ਗਏ ਹਨ। ਪਿਛਲੇ ਕੁਝ ਸਾਲਾਂ ’ਚ, ਸਾਲਾਨਾ ਬਹਿਸ ਨੇ ਹਥਿਆਰਬੰਦ ਸੰਘਰਸ਼ ਦੀਆਂ ਸਥਿਤੀਆਂ ’ਚ ਬੱਚਿਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕੀਤਾ ਹੈ ਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਬੱਚਿਆਂ ਵਿਰੁੱਧ ਉਲੰਘਣਾਵਾਂ ਨੂੰ ਰੋਕਣ ਅਤੇ ਖ਼ਤਮ ਕਰਨ ਦੇ ਮਹੱਤਵ ਨੂੰ ਪਛਾਣਨ ’ਚ ਮਦਦ ਕੀਤੀ ਹੈ।