
ਇਤਿਹਾਸਿਕ ਇਮਾਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਘਰਾਂ ਨੂੰ ਖਰੀਦੇਗੀ ਸਰਕਾਰ
ਪੇਸ਼ਾਵਰ : ਪਾਕਿ ਸਥਿਤ ਮਸ਼ਹੂਰ ਬਾਲੀਵੁੱਡ ਅਦਾਕਾਰ ਰਾਜ ਕਪੂਰ ਅਤੇ ਦਿਲੀਪ ਕੁਮਾਰ ਦੇ ਖਸਤਾ ਹਾਲ ਹੋ ਚੁੱਕੇ ਜੱਦੀ ਘਰਾਂ ਦੀ ਹਾਲਤ ਸੁਧਾਰਨ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਦੀ ਸੂਬਾਈ ਸਰਕਾਰ ਨੇ ਇਤਿਹਾਸਿਕ ਇਮਾਰਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਘਰਾਂ ਨੂੰ ਖਰੀਦਣ ਦਾ ਫ਼ੈਸਲਾ ਲਿਆ ਹੈ, ਜੋ ਕਿ ਖਸਤਾ ਹਾਲਤ ਵਿਚ ਹਨ ਅਤੇ ਢਹਿ ਢੇਰੀ ਕੀਤੇ ਜਾਣ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਖੈਬਰ-ਪਖਤੂਨਖਵਾ ਸੂਬੇ ਦੇ ਪੁਰਾਤੱਤਵ ਵਿਭਾਗ ਨੇ ਇਹਨਾਂ ਦੋਹਾਂ ਇਮਾਰਤਾਂ ਨੂੰ ਖਰੀਦਣ ਲਈ ਲੋੜੀਂਦਾ ਫੰਡ ਦੇਣ ਦਾ ਫ਼ੈਸਲਾ ਲਿਆ ਹੈ। ਪੇਸ਼ਾਵਰ ਸ਼ਹਿਰ ਵਿਖੇ ਸਥਿਤ ਇਨ੍ਹਾਂ ਦੋਵੇਂ ਇਮਾਰਤਾਂ ਨੂੰ ਰਾਸ਼ਟਰੀ ਵਿਰਾਸਤ ਘੋਸ਼ਿਤ ਕੀਤਾ ਜਾ ਚੁਕਾ ਹੈ।
Raj Kapoor, Dilip Kumar
ਪੁਰਾਤੱਤਵ ਵਿਭਾਗ ਦੇ ਪ੍ਰਮੁੱਖ ਡਾਕਟਰ ਅਬਦੁੱਲ ਸਮਦ ਖਾਨ ਨੇ ਕਿਹਾ ਕਿ ਦੋਵੇਂ ਇਤਿਹਾਸਿਕ ਇਮਾਰਤਾਂ ਦੀ ਕੀਮਤ ਨਿਰਧਾਰਤ ਕਰਨ ਦੇ ਲਈ ਪੇਸ਼ਾਵਰ ਦੇ ਡਿਪਟੀ ਕਮਿਸ਼ਨਰ ਨੂੰ ਇਕ ਅਧਿਕਾਰਤ ਚਿੱਠੀ ਭੇਜੀ ਗਈ ਹੈ, ਜਿੱਥੇ ਵੰਡ ਤੋਂ ਪਹਿਲਾਂ ਭਾਰਤੀ ਸਿਨੇਮਾ ਦੇ ਦੋ ਮਹਾਨਾਇਕ ਪੈਦਾ ਹੋਏ ਅਤੇ ਬਚਪਨ ਵਿਚ ਵੱਡੇ ਹੋਏ। ਰਾਜ ਕਪੂਰ ਦੇ ਜੱਦੀ ਘਰ ਨੂੰ 'ਕਪੂਰ ਹਵੇਲੀ' ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋ ਕਿ ਕਿੱਸਾ ਖਵਾਨੀ ਬਜ਼ਾਰ ਵਿਚ ਸਥਿਤ ਹੈ।
Raj Kapoor, Dilip Kumar
ਇਸ ਨੂੰ ਰਾਜ ਕਪੂਰ ਦੇ ਦਾਦਾ ਦੀਵਾਨ ਬਸ਼ੇਸ਼ਵਰਨਾਥ ਕਪੂਰ ਨੇ 1918 ਤੋਂ 1922 ਦੇ ਵਿਚ ਬਣਵਾਇਆ ਸੀ। ਅਦਾਕਾਰ ਦਿਲੀਪ ਕੁਮਾਰ ਦਾ ਕਰੀਬ 100 ਸਾਲ ਪੁਰਾਣਾ ਜੱਦੀ ਘਰ ਵੀ ਇਸੇ ਇਲਾਕੇ ਵੀ ਮੌਜੂਦ ਹੈ। ਇਹ ਘਰ ਵੀ ਖਸਤਾ ਹਾਲਤ ਵਿਚ ਹੈ ਅਤੇ 2014 ਵਿਚ ਉਸ ਸਮੇਂ ਦੀ ਨਵਾਜ਼ ਸ਼ਰੀਫ ਸਰਕਾਰ ਨੇ ਇਸ ਨੂੰ ਰਾਸ਼ਟਰੀ ਵਿਰਾਸਤ ਘੋਸ਼ਿਤ ਕੀਤਾ ਸੀ।
Raj Kapoor
ਖਾਨ ਨੇ ਕਿਹਾ ਕਿ ਇਹਨਾਂ ਦੋਹਾਂ ਇਤਿਹਾਸਿਕ ਇਮਾਰਤਾਂ ਦੇ ਮਾਲਕਾਂ ਨੇ ਕਈ ਵਾਰ ਇਸ ਨੂੰ ਤੋੜ ਕੇ ਕਮਰਸ਼ੀਅਲ ਪਲਾਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਅਜਿਹੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਰੋਕ ਦਿੱਤਾ ਗਿਆ ਕਿਉਂਕਿ ਪੁਰਾਤੱਤਵ ਵਿਭਾਗ ਇਹਨਾਂ ਦੇ ਇਤਿਹਾਸਿਕ ਮਹੱਤਵ ਦੇ ਕਾਰਨ ਇਹਨਾਂ ਨੂੰ ਸੁਰੱਖਿਅਤ ਕਰਨਾ ਚਾਹੁੰਦਾ ਸੀ।
Dalip Kumar
ਭਾਵੇਂਕਿ ਕਪੂਰ ਹਵੇਲੀ ਦੇ ਮਾਲਕ ਅਲੀ ਕਾਦਰ ਨੇ ਕਿਹਾ ਕਿ ਉਹ ਇਮਾਰਤ ਨੂੰ ਢਾਹੁਣਾ ਨਹੀਂ ਚਾਹੁੰਦੇ ਸਨ। ਅਲੀ ਨੇ ਦਾਅਵਾ ਕੀਤਾ ਕਿ ਇਸ ਇਤਿਹਾਸਿਕ ਇਮਾਰਤ ਦੀ ਰੱਖਿਆ ਅਤੇ ਸੁਰੱਖਿਆ ਦੇ ਲਈ ਉਹਨਾਂ ਨੇ ਪੁਰਾਤੱਤਵ ਵਿਭਾਗ ਦੇ ਅਧਿਕਾਰੀਆਂ ਨਾਲ ਕਈ ਵਾਰ ਸੰਪਰਕ ਕੀਤਾ ਜੋ ਕਿ ਇਕ ਰਾਸ਼ਟਰੀ ਮਾਣ ਹੈ। ਇਮਾਰਤ ਦੇ ਮਾਲਕ ਨੇ ਇਸ ਨੂੰ ਸਰਕਾਰ ਨੂੰ ਵੇਚਣ ਦੇ ਲਈ 200 ਕਰੋੜ ਰੁਪਏ ਦੀ ਮੰਗ ਕੀਤੀ ਹੈ।