
ਅਪਣੀ ਪਤਨੀ ਦੇ ਖ਼ਰਚਿਆਂ ’ਤੇ ਪਲ ਰਿਹੈ ਪ੍ਰਮੋਦ ਮਿੱਤਲ
ਲੰਡਨ : ਸਟੀਲ ਕਿੰਗ ਲਕਸ਼ਮੀ ਮਿੱਤਲ ਦੇ ਛੋਟੇ ਭਰਾ ਪ੍ਰਮੋਦ ਮਿੱਤਲ ਨੇ ਅਪਣੀ ਧੀ ਦੇ ਵਿਆਹ ਵਿਚ ਤਕਰੀਬਨ 485 ਕਰੋੜ ਰੁਪਏ ਖਰਚ ਕੀਤੇ। ਉਹ ਹੁਣ ਬ੍ਰਿਟੇਨ ਦੇ ਸਭ ਤੋਂ ਵੱਡੇ ਦੀਵਾਲੀਆ ਹੋ ਗਏ ਹਨ। ਉਹ ਕਹਿੰਦਾ ਹੈ ਕਿ ਉਸ ’ਤੇ ਲਗਭਗ 254 ਮਿਲੀਅਨ ਡਾਲਰ ਦਾ ਕਰਜ਼ਾ ਹੈ ਅਤੇ ਉਹ ਅਪਣੀ ਪਤਨੀ ਦੇ ਖ਼ਰਚਿਆਂ ’ਤੇ ਪਲ ਰਿਹਾ ਹੈ।
Pramod Mittal
ਲੰਡਨ ਦੀ ਇਨਸੋਲਵੈਂਸੀ ਐਂਡ ਕੰਪਨੀਜ਼ ਕੋਰਟ ਨੇ 64 ਸਾਲਾ ਮਿੱਤਲ ਨੂੰ ਇਸ ਗਰਮੀ ਵਿਚ ਇਨਸੋਲਵੈਂਟ ਘੋਸ਼ਿਤ ਕੀਤਾ ਹੈ। ਉਹ ਕਹਿੰਦਾ ਹੈ ਕਿ ਉਸ ਉਤੇ ਕੁਲ 254 ਮਿਲੀਅਨ ਪੌਂਡ (ਲਗਭਗ 25 ਹਜ਼ਾਰ ਕਰੋੜ ਰੁਪਏ) ਦਾ ਕਰਜ਼ਾ ਹੈ। ਇਸ ਵਿਚ 17 ਮਿਲੀਅਨ ਡਾਲਰ ਦਾ ਕਰਜ਼ਾ ਵੀ ਸ਼ਾਮਲ ਹੈ, ਜੋ ਉਸ ਨੇ ਅਪਣੇ 94 ਸਾਲਾ ਪਿਤਾ ਤੋਂ ਲਿਆ ਹੈ। ਇਸੇ ਤਰ੍ਹਾਂ ਉਸ ਨੇ ਪਤਨੀ ਸੰਗੀਤਾ ਤੋਂ 1.1 ਮਿਲੀਅਨ ਡਾਲਰ, ਬੇਟੇ ਦਿਵੇਸ਼ ਤੋਂ 2.4 ਮਿਲੀਅਨ ਅਤੇ ਅਪਣੇ ਰਿਸ਼ਤੇਦਾਰ ਅਮਿਤ ਲੋਹੀਆ ਤੋਂ 11 ਮਿਲੀਅਨ ਡਾਲਰ ਉਧਾਰ ਲਏ ਹਨ।
Pramod Mittal
ਉਹ ਕਹਿੰਦਾ ਹੈ ਕਿ ਹੁਣ ਉਸ ਕੋਲ ਸਿਰਫ 1.10 ਲੱਖ ਪੌਂਡ ਦੀ ਜਾਇਦਾਦ ਬਚੀ ਹੈ ਅਤੇ ਉਸ ਕੋਲ ਕੋਈ ਆਮਦਨ ਨਹੀਂ ਹੈ। ਮਿੱਤਲ ਅਪਣੇ ਕਰਜ਼ਦਾਰਾਂ ਦਾ ਬਹੁਤ ਛੋਟਾ ਜਿਹਾ ਹਿੱਸਾ ਦੇਣ ਲਈ ਤਿਆਰ ਹੈ ਅਤੇ ਉਸ ਨੂੰ ਉਮੀਦ ਹੈ ਕਿ ਉਹ ਇਸ ਦੀਵਾਲੀਏਪਣ ਦੀ ਸਮੱਸਿਆ ਦਾ ਹੱਲ ਲਭੇਗਾ। ਉਸ ਨੇ ਬ੍ਰਿਟਿਸ਼ ਵਰਜਿਨ ਆਈਲੈਂਡ ਦੀ ਕੰਪਨੀ ਡਾਇਰੈਕਟ ਇਨਵੈਸਟਮੈਂਟ ਲਿਮਟਿਡ ਤੋਂ ਸਭ ਤੋਂ ਵੱਧ ਉਧਾਰ ਲਿਆ ਹੈ,
ਜਿਸ ਨੂੰ ਉਸ ਨੇ ਲਗਭਗ 100 ਮਿਲੀਅਨ ਪੌਂਡ ਵਾਪਸ ਕਰਨਾ ਹੈ। ਪ੍ਰਮੋਦ ਮਿੱਤਲ ਨੇ ਅਪਣੀ ਬੇਟੀ ਸ੍ਰਿਸਟੀ ਦਾ ਵਿਆਹ 2013 ਵਿਚ ਇਕ ਨਿਵੇਸ਼ ਬੈਂਕਕਰ ਗੁਲਰਾਜ ਬਹਿਲ ਨਾਲ ਕੀਤਾ ਸੀ। ਇਸ ਵਿਚ ਉਸ ਨੇ ਅਪਣੇ ਭਰਾ ਲਕਸ਼ਮੀ ਮਿੱਤਲ ਦੀ ਧੀ ਵਨੀਸ਼ਾ ਦੇ ਵਿਆਹ ਨਾਲੋਂ ਵੀ ਜ਼ਿਆਦਾ 50 ਮਿਲੀਅਨ ਪੌਂਡ (ਲਗਭਗ 485 ਕਰੋੜ) ਖ਼ਰਚ ਕੀਤਾ ਸੀ।