
ਰੂਸ ਅਤੇ ਯੂਕਰੇਨ ਦਰਮਿਆਨ ਲੜਾਈ ਅਗਲੇ ਸਾਲ ਤਕ ਖਿੱਚਣ ਦਾ ਖਦਸ਼ਾ
Russia Ukraine war : ਲਾਜ਼ਮੀ ਫੌਜੀ ਸੇਵਾ ਦੀ 18 ਮਹੀਨਿਆਂ ਦੀ ਹੱਦ ਦੀ ਮੰਗ ਨੂੰ ਲੈ ਕੇ ਸ਼ੁਕਰਵਾਰ ਨੂੰ ਵੱਡੀ ਗਿਣਤੀ ’ਚ ਪ੍ਰਦਰਸ਼ਨਕਾਰੀ ਯੂਕਰੇਨ ਦੇ ਸ਼ਹਿਰਾਂ ਦੀਆਂ ਸੜਕਾਂ ਉੱਤੇ ਇਕੱਠੇ ਹੋਏ।
ਇਹ ਘਟਨਾਕ੍ਰਮ ਪਿਛਲੇ 20 ਮਹੀਨਿਆਂ ਤੋਂ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਸਾਹਮਣੇ ਆਇਆ ਹੈ। ਜੰਗ ’ਚ ਸ਼ਾਮਲ ਦੋਵੇਂ ਧਿਰਾਂ ਅਪਣੀ ਫੌਜੀ ਗਤੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਹਾਲਾਂਕਿ ਕੋਈ ਵੀ ਪੱਖ ਦੂਜੇ ਨੂੰ ਪੂਰੀ ਤਰ੍ਹਾਂ ਕੁਚਲਣ ਵਾਲਾ ਝਟਕਾ ਦੇਣ ਦੇ ਯੋਗ ਨਹੀਂ ਹੋਇਆ ਹੈ ਅਤੇ ਲੜਾਈ ਅਗਲੇ ਸਾਲ ਤਕ ਖਿੱਚਣ ਦਾ ਖਦਸ਼ਾ ਹੈ।
ਅਠਾਰਾਂ ਮਹੀਨਿਆਂ ਦੀ ਸੇਵਾ ਹੱਦ ਜੰਗ ਤੋਂ ਪਹਿਲਾਂ ਦੇ ਵੱਧ ਤੋਂ ਵੱਧ ਦੇ ਬਰਾਬਰ ਹੋਵੇਗੀ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਯੂਕਰੇਨ ਦੀ ਸੰਸਦ ਸਮੇਂ ਸਿਰ ਸੰਭਵ ਬਦਲਾਂ ’ਤੇ ਵਿਚਾਰ ਕਰੇ। ਰਾਜਧਾਨੀ ਕੀਵ ’ਚ ਹੋਏ ਪ੍ਰਦਰਸ਼ਨ ’ਚ ਕਰੀਬ 100 ਲੋਕਾਂ ਨੇ ਹਿੱਸਾ ਲਿਆ। ਇਨ੍ਹਾਂ ਪ੍ਰਦਰਸ਼ਨਕਾਰੀਆਂ ’ਚ ਯੂਕਰੇਨੀ ਫ਼ੌਜੀਆਂ ਦੀਆਂ ਪਤਨੀਆਂ, ਮਾਵਾਂ, ਬੱਚੇ ਅਤੇ ਰਿਸ਼ਤੇਦਾਰ ਸ਼ਾਮਲ ਸਨ।
ਪ੍ਰਦਰਸ਼ਨਕਾਰੀਆਂ ਨੇ ਬੈਨਰ ਫੜੇ ਹੋਏ ਸਨ, ਜਿਨ੍ਹਾਂ ’ਚ ਅਪਣੇ ਪਿਆਰਿਆਂ ਦੀ ਵਾਪਸੀ ਦੀ ਮੰਗ ਕੀਤੀ ਗਈ ਸੀ। ਬੈਨਰ ’ਤੇ ‘ਫੌਜੀਆਂ ਨੂੰ ਵਾਪਸ ਸੱਦੋ’ ਵਰਗੇ ਨਾਅਰੇ ਲਿਖੇ ਹੋਏ ਸਨ। 35 ਸਾਲਾਂ ਦੀ ਵੈਲੇਰੀਆ ਕੋਲਿਆਡਾ ਨੇ ਫੌਜ ’ਚ ਸਵੈ-ਇੱਛਾ ਨਾਲ ਸੇਵਾ ਦੇਣ ਵਾਲੇ ਅਪਣੇ ਪਤੀ ਬਾਰੇ ਕਿਹਾ, ‘‘ਮੈਂ ਉਸ ਦੀ ਜ਼ਿੰਦਗੀ ਲਈ ਲਗਾਤਾਰ ਡਰ ’ਚ ਰਹਿੰਦੀ ਹਾਂ।’’ ਪ੍ਰਦਰਸ਼ਨਕਾਰੀ ਘੱਟੋ-ਘੱਟ ਛੇ ਹੋਰ ਸ਼ਹਿਰਾਂ ’ਚ ਵੀ ਇਕੱਠੇ ਹੋਏ।
(For more news apart from Russia Ukraine war, stay tuned to Rozana Spokesman)