
ਪ੍ਰਿਤਪਾਲ ਸਿੰਘ ਨੇ ਕਿਹਾ ਕਿ ਇਨਸਾਫ਼ ਤੇ ਮਾਨਤਾ ਨਾਲ ਸਬੰਧਤ ਇਹ ਮਤਾ ਇਕ ਅਜਿਹਾ ਮੋੜ ਹੈ, ਜਿਸ ਦੀ ਭਾਲ ਤੇ ਮੰਗ ਪਿਛਲੇ ਕਈ ਦਹਾਕਿਆਂ ਤੋਂ ਕੀਤੀ ਜਾ ਰਹੀ
America News: ਅਮਰੀਕੀ ਸੰਸਦ ਦੀ ਸਿੱਖ ਮਾਮਲਿਆਂ ਬਾਰੇ ਕਮੇਟੀ ਦੇ ਉਪ-ਚੇਅਰਮੈਨਾਂ ਸਮੇਤ ਚਾਰ ਐਮਪੀਜ਼ ਨੇ 1984 ਦੇ ਸਿੱਖ ਨਸਲਕੁਸ਼ੀ ਨੂੰ ਮੰਨਣ ਤੇ ਉਸ ਦੀ ਜਵਾਬਦੇਹੀ ਤੈਅ ਕਰਨ ਬਾਰੇ ਇਕ ਮਤਾ ਸਦਨ ’ਚ ਪੇਸ਼ ਕੀਤਾ ਹੈ। ਸਿੱਖ ਮਾਮਲਿਆਂ ਬਾਰੇ ਸੰਸਦੀ ਕਮੇਟੀ ਦੇ ਉਪ-ਚੇਅਰਮੈਨ ਡੇਵਿਡ ਵਲਾਡਾਓ ਨੇ ਕਿਹਾ ਹੈ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਸਿੱਖਾਂ ਨੂੰ ਸਿਰਫ਼ ਉਨ੍ਹਾਂ ਦੇ ਧਾਰਮਕ ਵਿਸ਼ਵਾਸ ਕਾਰਨ ਨਿਸ਼ਾਨਾ ਬਣਾਇਆ ਗਿਆ ਤੇ 1984 ’ਚ ਉਨ੍ਹਾਂ ਦਾ ਨਸਲਕੁਸ਼ੀ ਕੀਤਾ ਗਿਆ।
ਡੇਵਿਡ ਵਲਾਡਾਓ ਨੇ ਕਿਹਾ ਕਿ ਉਹ ਇਸ ਮੁੱਦੇ ’ਤੇ ਸਿੱਖ ਕੌਮ ਨਾਲ ਖੜੇ ਹਨ ਤੇ ਇਹੋ ਮੰਗ ਕਰ ਰਹੇ ਹਨ ਕਿ ਇਸ ਤੱਥ ਨੂੰ ਮਾਨਤਾ ਦਿਤੀ ਜਾਵੇ ਅਤੇ ਇਤਿਹਾਸ ਦੀ ਇਸ ਡਰਾਉਣੀ ਘਟਨਾ ਦੀ ਜਵਾਬਦੇਹੀ ਵੀ ਤੈਅ ਕੀਤੀ ਜਾਵੇ। ‘ਇਹ ਮਤਾ ਭਾਵੇਂ ਛੋਟਾ ਹੈ ਪਰ ਇਹ ਇਸ ਦੁਖਾਂਤ ਨੂੰ ਚੇਤੇ ਕਰਨ ਅਤੇ ਉਨ੍ਹਾਂ ਨਿਰਦੋਸ਼ ਪੀੜਤਾਂ ਦਾ ਮਾਣ-ਤਾਣ ਕਰਨ ਵਲ ਇਕ ਅਹਿਮ ਕਦਮ ਹੈ, ਜਿਨ੍ਹਾਂ ਨੂੰ ਸਿਰਫ਼ ਅਪਣੇ ਧਰਮ ਕਾਰਨ ਅਪਣੀਆਂ ਜਾਨਾਂ ਗੁਆਉਣੀਆਂ ਪਈਆਂ ਸਨ।
ਸਿੱਖ ਮਾਮਲਿਆਂ ਬਾਰੇ ਸੰਸਦੀ ਕਮੇਟੀ ਦੇ ਉਪ-ਚੇਅਰਮੈਨ ਜਿਮ ਕੋਸਟਾ ਨੇ ਕਿਹਾ ਕਿ ਹੁਣ ਜਦੋਂ ਸਿੱਖ ਨਸਲਕੁਸ਼ੀ ਦੀ 40ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ, ਅਸੀਂ ਇਤਿਹਾਸ ਦੇ ਇਕ ਅਜਿਹੇ ਕਾਲੇ ਅਧਿਆਇ ਨੂੰ ਚੇਤੇ ਕਰ ਰਹੇ ਹਾਂ, ਜਿਸ ਕਾਰਨ ਸਿੱਖ ਪਰਵਾਰਾਂ ਨੂੰ ਵੱਡੇ ਦੁਖ ਝਲਣੇ ਪਏ। ਇਸ ਮਤੇ ਨੂੰ ਅਮੈਰਿਕਨ ਗੁਰਦਵਾਰਾ ਪ੍ਰਬੰਧਕ ਕਮੇਟੀ, ਅਮੈਰਿਕਨ ਸਿੱਖ ਕੌਕਸ ਕਮੇਟੀ, ਇਨਸਾਫ਼, ਜੈਕਾਰਾ ਮੂਵਮੈਂਟ, ਸਿੱਖ ਅਮੈਰਿਕਨ ਲੀਗਲ ਡੀਫ਼ੈਂਸ ਐਂਡ ਐਜੂਕੇਸ਼ਨ ਫ਼ੰਡ (ਸਾਲਦੇਫ਼), ਸਿੱਖ ਕੁਲੀਸ਼ਨ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਤੇ ਯੂਨਾਈਟਿਡ ਸਿੱਖਜ਼ ਦੀ ਹਮਾਇਤ ਹਾਸਲ ਹੈ।
ਅਮੈਰਿਕਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਗੁਰਦੇਵ ਸਿੰਘ ਨੇ ਕਿਹਾ ਕਿ ਇਹ ਮਤਾ ਇਨਸਾਫ਼ ਤੇ ਸਚਾਈ ਲਈ ਸਾਡੀ ਭਾਲ ’ਚ ਇਕ ਅਹਿਮ ਪਲ ਹੈ। ਸਾਲ 1984 ਦੌਰਾਨ ਪੰਜਾਬ ਸਮੇਤ ਸਮੁਚੇ ਭਾਰਤ ’ਚ ਹੋਏ ਸਿੱਖ ਕਤਲੇਆਮ ਦੌਰਾਨ ਜੋ ਵੀ ਵਧੀਕੀਆਂ ਹੋਈਆਂ, ਉਨ੍ਹਾਂ ਨੂੰ ਮਾਨਤਾ ਜ਼ਰੂਰ ਮਿਲਣੀ ਚਾਹੀਦੀ ਹੈ। ਅਮੈਰਿਕਨ ਸਿੱਖ ਕੌਕਸ ਕਮੇਟੀ ਦੇ ਬਾਨੀ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਇਨਸਾਫ਼ ਤੇ ਮਾਨਤਾ ਨਾਲ ਸਬੰਧਤ ਇਹ ਮਤਾ ਇਕ ਅਜਿਹਾ ਮੋੜ ਹੈ, ਜਿਸ ਦੀ ਭਾਲ ਤੇ ਮੰਗ ਪਿਛਲੇ ਕਈ ਦਹਾਕਿਆਂ ਤੋਂ ਕੀਤੀ ਜਾ ਰਹੀ ਹੈ।