
ਇਲੈਕਟੋਰਲ ਕਾਲਜ ਦੀ ਚੋਣ 'ਚ ਹਾਰਿਆ ਤਾਂ ਛੱਡ ਦਵਾਂਗਾ ਵਾਈਟ ਹਾਊਸ : ਟਰੰਪ
ਵਾਸ਼ਿੰਗਟਨ, 27 ਨਵੰਬਰ : ਅਮਰੀਕਾ ਦੇ ਲੋਕਾਂ ਖ਼ਾਸਕਰ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ੁਕਰਵਾਰ ਸਵੇਰੇ (ਭਾਰਤੀ ਸਮੇਂ ਅਨੁਸਾਰ) ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਬਿਆਨ ਤੋਂ ਰਾਹਤ ਦਾ ਸਾਹ ਲਿਆ। ਟਰੰਪ ਨੇ ਸਪੱਸ਼ਟ ਕੀਤਾ ਕਿ ਜੇ ਉਹ 14 ਦਸੰਬਰ ਨੂੰ ਇਲੈਕਟੋਰਲ ਕਾਲਜ ਦੀ ਚੋਣ ਹਾਰ ਜਾਂਦੇ ਹਨ ਤਾਂ ਉਹ ਵ੍ਹਾਈਟ ਹਾਊਸ ਛੱਡ ਦੇਣਗੇ। ਪਰ ਉਨ੍ਹਾਂ ਇਹ ਵੀ ਕਿਹਾ ਕਿ ਹਾਰ ਮੰਨਣਾ ਬਹੁਤ ਮੁਸ਼ਕਲ ਫ਼ੈਸਲਾ ਹੋਵੇਗਾ, ਕਿਉਂਕਿ ਅਸੀਂ ਜਾਣਦੇ ਹਾਂ ਕਿ ਚੋਣਾਂ 'ਚ ਵੱਡੇ ਪੱਧਰ 'ਤੇ ਧਾਂਦਲੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ''ਅਸੀਂ ਸਮੇਂ ਸਿਰ ਇਸ ਨੂੰ ਸਾਬਤ ਕਰ ਸਕਾਂਗੇ ਜਾਂ ਨਹੀਂ ਇਹ ਇਕ ਅਹਿਮ ਸਵਾਲ ਹੈ, ਕਿਉਂਕਿ ਸਮਾਂ ਸਾਡੇ ਹੱਕ ਵਿਚ ਨਹੀਂ ਹੈ। ਬਾਕੀ ਸਭ ਕੁੱਝ ਸਾਡੇ ਹਕ 'ਚ ਹੈ। ਤੱਥ ਸਾਡੇ ਹੱਕ ਵਿਚ ਹਨ, ਇਥੇ ਇਕ ਵੱਡੀ ਧੋਖਾਧੜੀ ਹੋਈ ਹੈ।'' ਸਪੱਸ਼ਟ ਤੌਰ 'ਤੇ ਉਨ੍ਹਾਂ ਨੇ ਅਪਣੇ ਸਮਰਥਕਾਂ ਵਿਚ ਅਸੰਤੁਸ਼ਟੀ ਬਣਾਈ ਰਖਣ ਅਤੇ ਨਵੇਂ ਰਾਸ਼ਟਰਪਤੀ 'ਤੇ ਵਿਸ਼ਵਾਸ ਕਰਨ ਦੀ ਅਪਣੀ ਰਣਨੀਤੀ ਨੂੰ ਛੱਡਣ ਦਾ ਕੋਈ ਸੰਕੇਤ ਨਹੀਂ ਦਿਤਾ ਹੈ। ਇਸ ਲਈ ਟਰੰਪ ਦੇ ਬਿਆਨ ਨੇ ਸਿਰਫ਼ ਇਸ ਖਦਸ਼ੇ ਨੂੰ ਦੂਰ ਕੀਤਾ ਹੈ ਕਿ 20 ਜਨਵਰੀ ਨੂੰ ਅਮਰੀਕਾ ਵਿਚ ਕੋਈ ਰਾਜਨੀਤਿਕ ਸੰਕਟ ਪੈਦਾ ਹੋ ਸਕਦਾ ਹੈ। ਹੁਣ ਇਹ ਤੈਅ ਹੋ ਗਿਆ ਹੈ ਕਿ ਬਾਇਡਨ ਉਸ ਦਿਨ ਰਾਸ਼ਟਰਪਤੀ ਅਹੁਦਾ ਸੰਭਾਲਣਗੇ।
ਇਸ ਦੌਰਾਨ ਕੋਰੋਨਾ ਮਹਾਂਮਾਰੀ ਅਤੇ ਆਰਥਕ ਸੰਕਟ ਬਾਰੇ ਤਾਜ਼ਾ ਖ਼ਬਰਾਂ ਅਮਰੀਕਾ ਅਤੇ ਜੋਅ ਬਿਡੇਨ ਦੀ ਟੀਮ ਲਈ ਚਿੰਤਾ ਵਧਾਉਣ ਵਾਲੀ ਹੈ। ਵੀਰਵਾਰ ਨੂੰ ਅਮਰੀਕਾ ਦੇ ਹਸਪਤਾਲਾਂ ਵਿਚ ਦਾਖ਼ਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਹੁਣ ਤਕ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਇਹ ਰੀਕਾਰਡ ਲਗਾਤਾਰ 17 ਵੇਂ ਦਿਨ ਟੁੱਟ ਗਿਆ। ਵੀਰਵਾਰ ਨੂੰ 90,481 ਮਰੀਜ਼ਾਂ ਨੂੰ ਹਸਪਤਾਲਾਂ 'ਚ ਦਾਖ਼ਲ ਕਰਾਇਆ ਗਿਆ।
ਮਾਹਰਾਂ ਨੇ ਚਿਤਾਵਨੀ ਦਿਤੀ ਹੈ ਕਿ ਅਗਲੇ ਦੋ ਹਫ਼ਤਿਆਂ 'ਚ ਹਸਪਤਾਲ ਵਿਚ ਹਰ ਰੋਜ਼ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਸਕਦੀ ਹੈ। (ਪੀਟੀਆਈ)