
ਮਲੇਸ਼ੀਆ 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਪ੍ਰਧਾਨ ਮੰਤਰੀ ਨਜ਼ੀਬ ਰੱਜਾਕ ਦੇ 6 ਰਿਹਾਇਸ਼ੀ ਟਿਕਾਣਿਆਂ 'ਤੇ ਮਾਰੇ ਗਏ ਛਾਪਿਆਂ ਵਿਚ....
ਕੁਆਲਾਲੰਪੁਰ, ਮਲੇਸ਼ੀਆ 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਪ੍ਰਧਾਨ ਮੰਤਰੀ ਨਜ਼ੀਬ ਰੱਜਾਕ ਦੇ 6 ਰਿਹਾਇਸ਼ੀ ਟਿਕਾਣਿਆਂ 'ਤੇ ਮਾਰੇ ਗਏ ਛਾਪਿਆਂ ਵਿਚ 27 ਕਰੋੜ 30 ਲੱਖ ਡਾਲਰ (ਲਗਭਗ 1872 ਕਰੋੜ ਰੁਪਏ) ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਇਨ੍ਹਾਂ 'ਚ ਨਕਦੀ, ਗਹਿਣੇ ਅਤੇ ਕੀਮਤੀ ਹੈਂਡ ਬੈਗ ਸ਼ਾਮਲ ਹਨ। ਇਹ ਛਾਪੇ ਪਿਛਲੇ ਮਹੀਨੇ ਮਾਰੇ ਗਏ ਸਨ, ਪਰ ਇਸ ਦੀ ਕੀਮਤ ਦਾ ਅੰਦਾਜ਼ਾ ਲਗਾਉਣ ਅਤੇ ਦਸਤਾਵੇਜ਼ੀ ਕਾਰਵਾਈ ਪੂਰੀ ਕਰਨ 'ਚ 41 ਦਿਨ ਲਗ ਗਏ। ਪੁਲਿਸ ਨੇ ਹੁਣ ਇਸ ਦਾ ਪ੍ਰਗਟਾਵਾ ਕੀਤਾ ਹੈ।
ਪੁਲਿਸ ਦੀ ਅਪਰਾਧਕ ਸ਼ਾਖਾ ਦੇ ਮੁਖੀ ਅਮਰ ਸਿੰਘ ਨੇ ਦਸਿਆ ਕਿ ਮਲੇਸ਼ੀਆ ਦੇ ਇਤਿਹਾਸ 'ਚ ਇਹ ਸੱਭ ਤੋਂ ਵੱਡੀ ਛਾਪੇਮਾਰੀ ਦੀ ਕਾਰਵਾਈ ਹੈ। ਪਿਛਲੇ ਮਹੀਨੇ ਜਦੋਂ ਇਹ ਛਾਪੇ ਮਾਰੇ ਗਏ ਤਾਂ ਜ਼ਬਤ ਸਾਮਾਨ 5 ਟਰੱਕਾਂ 'ਚ ਭਰ ਕੇ ਲਿਜਾਣਾ ਪਿਆ ਸੀ। ਜ਼ਬਤ ਕੀਤੇ ਸਾਮਾਨ 'ਚ 12 ਹਜ਼ਾਰ ਗਹਿਣੇ, 567 ਹੈਂਡ ਬੈਗ, 432 ਘੜੀਆਂ ਅਤੇ 234 ਕੀਮਤੀ ਚਸ਼ਮੇ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਗਹਿਣਿਆਂ 'ਚ 2200 ਅੰਗੂਠੀਆਂ, 1400 ਹਾਰ, 2100 ਬ੍ਰੈਸਲੈਟ, 2800 ਝੂਮਕੇ, 1600 ਬ੍ਰੋਚੇਸ ਅਤੇ 14 ਟਿਯਾਰਾ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਅਹੁਦੇ 'ਤੇ ਰਹਿੰਦਿਆਂ ਨਜ਼ੀਬ ਨੂੰ ਪ੍ਰਤੀ ਮਹੀਨਾ ਲਗਭਗ 4 ਲੱਖ ਰੁਪਏ ਤਨਖ਼ਾਹ ਮਿਲਦੀ ਸੀ। ਨਜ਼ੀਬ ਉਤੇ ਸਰਕਾਰੀ ਕੰਪਨੀ 1ਐਮਡੀਬੀ ਤੋਂ 70 ਕਰੋੜ ਡਾਲਰ ਅਪਣੇ ਨਿੱਜੀ ਖ਼ਾਤੇ 'ਚ ਟਰਾਂਸਫ਼ਰ ਕਰਨ ਦਾ ਦੋਸ਼ ਹੈ। ਇਸੇ ਸਾਲ ਮਈ 'ਚ ਹੋਈਆਂ ਚੋਣਾਂ ਵਿਚ ਨਜ਼ੀਬ ਦੀ ਅਗਵਾਈ ਵਾਲੀ ਬੀ.ਐਨ. ਗਠਜੋੜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਮਹਾਤਿਰ ਮੁਹੰਮਦ ਪ੍ਰਧਾਨ ਮੰਤਰੀ ਬਣੇ ਸਨ। ਮੁਹੰਮਦ ਨੇ ਨਜ਼ੀਬ ਅਤੇ ਉਨ੍ਹਾਂ ਦੇ ਪਰਵਾਰ ਦੇ ਦੇਸ਼ ਛੱਡਣ 'ਤੇ ਰੋਕ ਲਗਾ ਦਿਤੀ ਹੈ। ਨਜ਼ੀਬ ਅਤੇ ਉਨ੍ਹਾਂ ਦੀ ਪਤਨੀ ਰੋਸ਼ਮਾ ਮੰਸੂਰ ਤੋਂ ਜਾਂਚ ਏਜੰਸੀ ਪੁਛਗਿਛ ਕਰ ਰਹੀ ਹੈ। (ਏਜੰਸੀ)