
ਟਰੰਪ ਪ੍ਰਸ਼ਾਸਨ ਨੇ ਹਮੇਸ਼ਾ ਧਾਰਮਕ ਆਜ਼ਾਦੀ ਦੀ ਰੱਖਿਆ ਨੂੰ ਵਿਦੇਸ਼ੀ ਨੀਤੀ ਦੀ ਤਰਜੀਹ ਦਸਿਆ : ਸੰਸਦ ਮੈਂਬਰ
ਵਾਸ਼ਿੰਗਟਨ, 27 ਜੂਨ : ਅਮਰੀਕਾ ਦੇ 20 ਸੰਸਦ ਮੈਂਬਰਾਂ ਨੇ ਟਰੰਪ ਪ੍ਰਸ਼ਾਸਨ ਤੋਂ ਅਫ਼ਗ਼ਾਨਿਸਤਾਨ ਵਿਚ ਅਤਿਆਚਾਰਾਂ ਦਾ ਸਾਹਮਣਾ ਕਰ ਰਹੇ ਸਿੱਖਾਂ ਅਤੇ ਹਿੰਦੂਆਂ ਨੂੰ ਹੰਗਾਮੀ ਸ਼ਰਨਾਰਥੀ ਸੁਰੱਖਿਆ ਦੇਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰੀ ਮਾਈਕ ਪੋਂਪੀਉ ਨੂੰ ਲਿਖੇ ਪੱਤਰ ਵਿਚ ਇਨ੍ਹਾਂ 20 ਸੰਸਦ ਮੈਂਬਰਾਂ ਨੇ ਵਿਦੇਸ਼ ਵਿਭਾਗ ਤੋਂ ਅਫ਼ਗ਼ਾਨਿਸਤਾਨ ਦੇ ਸਿੱਖਾਂ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ 'ਯੂਐਸ ਰਫ਼ਿਊਜ਼ੀ ਐਡਮਿਸ਼ਨਜ਼ ਪ੍ਰੋਗਰਾਮ' ਤਹਿਤ ਸ਼ਰਨ ਦੇਣ ਦੀ ਅਪੀਲ ਕੀਤੀ ਹੈ।
ਇਨ੍ਹਾਂ 20 ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੇ ਅਤਿਆਚਾਰਾਂ ਅਤੇ ਆਈਐਸ-ਖੁਰਾਸਾਨ ਦੇ ਹਾਲ ਹੀ ਦੇ ਅਤਿਵਾਦੀ ਹਮਲਿਆਂ ਕਾਰਨ ਸਿੱਖਾਂ ਅਤੇ ਹਿੰਦੂਆਂ ਦੀ ਆਬਾਦੀ ਵਿਚ ਗਿਰਾਵਟ ਆਈ ਹੈ। ਸੰਸਦ ਮੈਂਬਰਾਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਹਮੇਸ਼ਾ ਧਾਰਮਕ ਆਜ਼ਾਦੀ ਦੀ ਰੱਖਿਆ ਨੂੰ ਵਿਦੇਸ਼ੀ ਨੀਤੀ ਦੀ ਤਰਜੀਹ ਦਸਿਆ ਹੈ।
Photo
ਅਫ਼ਗ਼ਾਨਿਸਤਾਨ ਵਿਚ ਸਿੱਖ ਅਤੇ ਹਿੰਦੂ ਭਾਈਚਾਰਿਆਂ ਨੂੰ ਅਪਣੇ ਧਰਮ ਕਾਰਨ ਆਈਐਸ-ਖੁਰਾਸਾਨ ਤੋਂ ਖ਼ਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਧਾਰਮਕ ਆਜ਼ਾਦੀ ਦੀ ਰੱਖਿਆ ਕਰਨ ਲਈ ਅਸੀਂ ਇਨ੍ਹਾਂ ਅਤਿਆਚਾਰ ਤੋਂ ਪ੍ਰਭਾਵਤ ਧਾਰਮਕ ਘੱਟ ਗਿਣਤੀਆਂ ਦੀ ਰੱਖਿਆ ਲਈ ਤੁਹਾਨੂੰ ਜ਼ਰੂਰੀ ਕਦਮ ਚੁਕਣ ਦੀ ਅਪੀਲ ਕਰਦੇ ਹਾਂ। ਦਸਣਯੋਗ ਹੈ ਕਿ ਪਿਛਲੀ ਸ਼ਤਾਬਦੀ ਦੇ ਅੱਠਵੇਂ ਦਹਾਕੇ ਵਿਚ ਅਫ਼ਗ਼ਾਨਿਸਤਾਨ ਵਿਚ ਸਿੱਖਾਂ ਅਤੇ ਹਿੰਦੂਆਂ ਦੀ ਆਬਾਦੀ ਲਗਭਗ ਢਾਈ ਲੱਖ ਸੀ ਪ੍ਰੰਤੂ ਹੁਣ ਇਹ ਘੱਟ ਕੇ ਲਗਭਗ ਇਕ ਹਜ਼ਾਰ ਰਹਿ ਗਈ ਹੈ। (ਪੀ.ਟੀ.ਆਈ)