
ਮਨਮੀਤ ਅਲੀਸ਼ੇਰ ਨੂੰ ਬੱਸ ਡਰਾਈਵਰ ਦੀ ਡਿਊਟੀ ਦੌਰਾਨ ਜਲਣਸ਼ੀਲ ਪਦਾਰਥ ਪਾ ਕੇ ਜਿੰਦਾਂ ਜਲਾ ਕੇ ਮਾਰ ਦਿੱਤਾ ਸੀ।
ਬ੍ਰਿਸਬੇਨ: ਮਰਹੂਮ ਮਨਮੀਤ ਅਲੀਸ਼ੇਰ ਨੂੰ ਅੱਜ ਵੀ ਯਾਦ ਕਰ ਹਰ ਅੱਖ ’ਚ ਹੰਝੂ ਆ ਜਾਂਦੇ ਹਨ। ਉਸ ਦੀ 6ਵੀਂ ਬਰਸੀ ਮੌਕੇ ਵਿਛੜੀ ਰੂਹ ਦੀ ਯਾਦ 'ਚ ਮਨਮੀਤ ਪੈਰਾਡਾਈਜ਼ ਪਾਰਕ, ਲਕਸਵਰਥ ਪਲੇਸ ਮੁਰੂਕਾ ਬ੍ਰਿਸਬੇਨ ਵਿਖੇ ਆਰ. ਟੀ. ਬੀ. ਯੂਨੀਅਨ, ਰਾਜਨੀਤਿਕ, ਸਮਾਜਿਕ, ਸਾਹਿਤਕ, ਧਾਰਮਿਕ ਅਤੇ ਪੰਜਾਬੀ ਭਾਈਚਾਰੇ ਵੱਲੋਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ।
ਇਸ ਯਾਦਗਾਰੀ ਸਮਾਗਮ 'ਚ ਬ੍ਰਿਸਬੇਨ ਦੇ ਵੱਖ-ਵੱਖ ਬੱਸ ਡਿੱਪੂਆਂ ਦੇ ਡਰਾਈਵਰਾਂ, ਪਰਿਵਾਰਕ ਮੈਂਬਰਾਂ, ਪੰਜਾਬੀ ਭਾਈਚਾਰੇ ਨਾਲ ਸਬੰਧਿਤ ਅਤੇ ਸਥਾਨਕ ਲੋਕਾਂ ਵੱਲੋਂ ਮਰਹੂਮ ਮਨਮੀਤ ਅਲੀਸ਼ੇਰ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਮਨਮੀਤ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਸੀ ਅਤੇ ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ। ਉਸ ਦੀ ਦਰਦਨਾਕ ਮੌਤ ਨੇ ਮਨੁੱਖਤਾ ਨੂੰ ਝਿੰਜੋੜ ਕੇ ਰੱਖ ਦਿੱਤਾ। ਮਨਮੀਤ ਨਾਲ ਜੋ ਵਾਪਰਿਆਂ ਉਸ ਨੂੰ ਯਾਦ ਕਰ ਹਰ ਕਿਸੇ ਦੀ ਅੱਖ ਭਰ ਆਉਂਦੀ ਹੈ। ਉਸ ਦੀ ਮੌਤ ਕਾਰਨ ਸਮੁੱਚਾ ਭਾਈਚਾਰਾ ਅੱਜ ਵੀ ਸਦਮੇ ਦਾ ਸ਼ਿਕਾਰ ਹੈ।
ਜ਼ਿਕਰਯੋਗ ਹੈ ਕਿ 28 ਅਕਤੂਬਰ 2016 ਦੀ ਸਵੇਰ ਨੂੰ ਐਂਥਨੀ ਉਡਨੋਹੀਓ ਨਾਮੀ ਸਥਾਨਕ ਵਿਅਕਤੀ ਨੇ ਮਰਹੂਮ ਮਨਮੀਤ ਅਲੀਸ਼ੇਰ ਨੂੰ ਬੱਸ ਡਰਾਈਵਰ ਦੀ ਡਿਊਟੀ ਦੌਰਾਨ ਜਲਣਸ਼ੀਲ ਪਦਾਰਥ ਪਾ ਕੇ ਜਿੰਦਾਂ ਜਲਾ ਕੇ ਮਾਰ ਦਿੱਤਾ ਸੀ।