
ਕੁੱਝ ਫ਼ੌਜੀ ਪਹਿਲਾਂ ਹੀ ਲੜਾਈ ਲਈ ਯੂਕਰੇਨ ਦੇ ਨੇੜੇ ਆ ਚੁਕੇ ਹਨ
ਬ੍ਰਸੇਲਜ਼ : ਉੱਤਰੀ ਕੋਰੀਆ ਨੇ ਅਗਲੇ ਕੁੱਝ ਹਫਤਿਆਂ ’ਚ ਯੂਕਰੇਨ ’ਚ ਲੜਨ ਲਈ ਰੂਸ ’ਚ ਕਰੀਬ 10,000 ਫੌਜੀ ਭੇਜੇ ਹਨ। ਇਹ ਜਾਣਕਾਰੀ ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਦੀ ਬੁਲਾਰਾ ਸਬਰੀਨਾ ਸਿੰਘ ਨੇ ਸੋਮਵਾਰ ਨੂੰ ਦਿਤੀ। ਸਬਰੀਨਾ ਸਿੰਘ ਨੇ ਕਿਹਾ ਕਿ ਇਨ੍ਹਾਂ ਵਿਚੋਂ ਕੁੱਝ ਫ਼ੌਜੀ ਪਹਿਲਾਂ ਹੀ ਲੜਾਈ ਲਈ ਯੂਕਰੇਨ ਦੇ ਨੇੜੇ ਆ ਚੁਕੇ ਹਨ।
ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ‘‘ਸਾਡੀ ਚਿੰਤਾ ਇਸ ਲਈ ਵਧ ਰਹੀ ਹੈ ਕਿਉਂਕਿ ਰੂਸ ਇਨ੍ਹਾਂ ਫੌਜੀਆਂ ਦੀ ਵਰਤੋਂ ਰੂਸ ਦੇ ਕੁਰਸਕ ਖੇਤਰ ’ਚ ਯੂਕਰੇਨੀ ਫੌਜਾਂ ਵਿਰੁਧ ਲੜਾਈ ਜਾਂ ਜੰਗੀ ਮੁਹਿੰਮਾਂ ’ਚ ਕਰਨਾ ਚਾਹੁੰਦਾ ਹੈ।’’ ਸਬਰੀਨਾ ਸਿੰਘ ਨੇ ਕਿਹਾ ਕਿ ਰੱਖਿਆ ਮੰਤਰੀ ਲੋਇਡ ਆਸਟਿਨ ਪਹਿਲਾਂ ਹੀ ਜਨਤਕ ਤੌਰ ’ਤੇ ਚੇਤਾਵਨੀ ਦੇ ਚੁਕੇ ਹਨ ਕਿ ਜੇਕਰ ਉੱਤਰੀ ਕੋਰੀਆ ਦੇ ਫ਼ੌਜੀਆਂ ਨੂੰ ਜੰਗ ਦੇ ਮੈਦਾਨ ’ਚ ਇਸਤੇਮਾਲ ਕੀਤਾ ਗਿਆ ਤਾਂ ਉਨ੍ਹਾਂ ਨੂੰ ਜੰਗੀ ਧਿਰ ਮੰਨਿਆ ਜਾਵੇਗਾ, ਜਿਸ ਨਾਲ ਹਿੰਦ-ਪ੍ਰਸ਼ਾਂਤ ਖੇਤਰ ’ਚ ਵੀ ਗੰਭੀਰ ਸੁਰੱਖਿਆ ਪ੍ਰਭਾਵ ਪੈਣਗੇ।
ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਨੇ ਕਿਹਾ ਹੈ ਕਿ ਉੱਤਰੀ ਕੋਰੀਆ ਦੇ ਕੁੱਝ ਫ਼ੌਜੀਆਂ ਨੂੰ ਪਹਿਲਾਂ ਹੀ ਰੂਸ ਦੇ ਕੁਰਸਕ ਸਰਹੱਦੀ ਖੇਤਰ ’ਚ ਤਾਇਨਾਤ ਕੀਤਾ ਜਾ ਚੁੱਕਾ ਹੈ, ਜਿੱਥੇ ਰੂਸ ਯੂਕਰੇਨੀ ਫ਼ੌਜੀਆਂ ਨੂੰ ਪਿੱਛੇ ਧੱਕਣ ਲਈ ਸੰਘਰਸ਼ ਕਰ ਰਿਹਾ ਹੈ।