ਪ੍ਰਬੰਧਕਾਂ ਤੋਂ ਤੰਗ ਆਏ ਰਾਗੀ ਸਿੰਘ ਨੇ ਛੱਡਿਆ ਕੀਰਤਨ ਕਰਨਾ
ਟੋਰਾਂਟੋ : ਕੈਨੇਡਾ ਦੇ ਇੱਕ ਗੁਰਦੁਆਰੇ ਤੋਂ ਪਾਠੀ ਸਿੰਘ ਦੀ ਇੱਕ ਭਾਵੁਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਗੁਰਦੁਆਰੇ ਦੇ ਅੰਦਰ ਭੇਦਭਾਵ ਦੇ ਆਰੋਪ ਲਗਾ ਰਹੇ ਹਨ। ਕੀਰਤਨ ਦੌਰਾਨ ਰਾਗੀ ਜੱਥੇ ਨਾਲ ਜੁੜੇ ਰਾਗੀ ਸਿੰਘ ਨੇ ਭਾਵੁਕ ਹੋ ਕੇ ਉਹ ਇਸ ਭੇਦਭਾਵ ਵਾਲੇ ਮਾਹੌਲ ਵਿੱਚ ਹੋਰ ਜ਼ਿਆਦਾ ਸਮਾਂ ਨਹੀਂ ਰਹਿ ਸਕਦੇ, ਕਿਉਂਕਿ ਇੱਥੇ ਬੋਲਣ ਦੀ ਆਜ਼ਾਦੀ ਵੀ ਖਤਮ ਕਰ ਦਿੱਤੀ ਗਈ ਹੈ।
ਇਕ ਰਾਗੀ ਸਿੰਘ ਨੇ ਕੀਰਤਨ ਕਰਦੇ ਹੋਏ ਆਪਣੇ ਮਨ ਦੇ ਵਲਵਲੇ ਸੰਗਤਾਂ ਨਾਲ ਸਾਂਝੇ ਕਰਦੇ ਹੋਏ ਕਿਹਾ ਕਿ ਮੈਂ ਕੀਰਤਨ ਤੋਂ ਪੱਕੀ ਛੁੱਟੀ ਲੈਣਾ ਚਾਹੁੰਦਾ ਹਾਂ ਕਿਉਂਕਿ ਸਾਨੂੰ ਹਰ ਗੱਲ ’ਤੇ ਟੋਕਿਆ ਜਾਂਦਾ ਹੈ, ਹਰ ਗੱਲ ’ਤੇ ਸਾਨੂੰ ਮਜਬੂਰ ਕੀਤਾ ਜਾਂਦਾ ਹੈ। ਜਿਹੜੀ ਗੱਲ ਸਾਡੀ ਵੀ ਨਹੀਂ ਹੁੰਦੀ ਉਸ ਦੇ ਲਈ ਵੀ ਸਾਨੂੰ ਟੋਕਿਆ ਜਾਂਦਾ ਹੈ, ਜਿਵੇਂ ਨਿੱਕੀਆਂ-ਨਿੱਕੀਆਂ ਗੱਲਾਂ ’ਤੇ ਨਿਆਣੇ ਲੜਦੇ ਹੋਣ। ਪਤਾ ਨਹੀਂ ਹੁਣੇ ਕਿਸ ਤਰ੍ਹਾਂ ਗੁਰੂਘਰ ਬਣ ਗਏ ਹਨ ਕਿ ਹਰ ਨਿੱਕੀ-ਨਿੱਕੀ ਗੱਲ ’ਤੇ ਅਸੀਂ ਬਾਬਿਆਂ ’ਤੇ ਦੋਸ਼ ਕਰਦੇ ਹਾਂ, ਉਹਨੇ ਸਰੂਪ ਨਹੀਂ ਲੈਣਾ, ਉਹਨੇ ਚੌਰ ਨਹੀਂ ਕਰਨਾ, ਉਹਨੇ ਜੈਕਾਰਾ ਕਿਉਂ ਲਗਾਇਆ। ਸਾਡੀ ਗਲਤੀ ਕੀ ਹੈ ਅਸੀਂ ਬੇਇਜ਼ਤੀ ਕਰਵਾਉਣ ਵਾਸਤੇ ਆਏ ਹਾਂ, ਤੁਸੀਂ ਅਰਦਾਸ ਵਿਚ ਇਹ ਨਹੀਂ ਬੋਲਣਾ, ਤੁਸੀਂ ਉਹ ਨਹੀਂ ਬੋਲਣਾ, ਸਾਨੂੰ ਦੱਸਣਗੇ ਕਿ ਅਸੀਂ ਕਿਸ ਤਰ੍ਹਾਂ ਕਰਨਾ ਹੈ ਆਪਣਾ ਕੰਮ। ਗੁਰੂ ਦੇ ਦਰ ’ਤੇ ਬੈਠੇ ਹਾਂ ਅਤੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ ਅਤੇ ਮੈਂ ਵਾਪਸ ਆਪਣੇ ਬੱਚਿਆਂ ਵਿਚ ਜਾਵਾਂਗਾ। ਅਸੀਂ ਆਪਣੇ ਬੱਚਿਆਂ ਨੂੰ ਵੀ ਨਹੀਂ ਟੋਕ ਸਕਦੇ, ਪਰ ਸਾਨੂੰ ਗੱਲ ’ਤੇ ਟੋਕਿਆ ਜਾਂਦਾ ਹੈ। ਸਾਨੂੰ ਕਿਹਾ ਜਾਂਦਾ ਹੈ ਕਿ ਤੁਹਾਨੂੰ ਕਮਾਈ ਬਹੁਤ ਹੈ, ਜੇਕਰ ਸਾਨੂੰ ਕੋਈ 100-200 ਰੁਪਏ ਦੇ ਜਾਂਦਾ ਹੈ ਤਾਂ ਸਾਨੂੰ ਟੋਕਿਆ ਜਾਂਦਾ ਹੈ ਜਦਿਕ ਅਸੀਂ 800 ਡਾਲਰ ਮਹੀਨੇ ’ਤੇ ਗੁਜ਼ਾਰਾ ਕਰਦੇ ਹਾਂ। ਗੁਰੂਘਰ ਅੱਜ ਕੱਲ੍ਹ ਸਿਰਫ਼ ਚੌਧਰ ਤੱਕ ਸੀਮਤ ਹੋ ਕੇ ਰਹਿ ਗਏ ਹਨ, ਨਾ ਕਿਸੇ ਨੂੰ ਸਿੱਖੀ ਨਾਲ ਪਿਆਰ ਅਤੇ ਨਾ ਹੀ ਕਿਸੇ ਨੂੰ ਗੁਰੂ ਨਾਲ ਪਿਆਰ ਹੈ। ਰਾਗੀ ਸਿੰਘ ਨੇ ਕਿਹਾ ਕਿ ਉਹ ਇਸ ਹਾਲਾਤ ਤੋਂ ਤੰਗ ਆ ਚੁੱਕੇ ਹਨ ਅਤੇ ਹੁਣ ਕੈਨੇਡਾ ਛੱਡ ਕੇ ਸਥਾਈ ਤੌਰ ’ਤੇ ਭਾਰਤ ਵਾਪਸ ਜਾਣ ਦਾ ਫੈਸਲਾ ਕਰ ਚੁੱਕੇ ਹਨ।
