ਕਿਹਾ, ਮੇਘਾਲਿਆ ਵਿਚ ਦਾਖਲ ਹੋਏ ਸ਼ੱਕੀ
ਢਾਕਾ: ਢਾਕਾ ਮੈਟਰੋਪੋਲੀਟਨ ਪੁਲਿਸ ਦੇ ਇਕ ਚੋਟੀ ਦੇ ਅਧਿਕਾਰੀ ਨੇ ਐਤਵਾਰ ਨੂੰ ਦਸਿਆ ਕਿ ‘ਇੰਕਿਲਾਬ ਮੋਂਚੋ’ ਦੇ ਮਰਹੂਮ ਨੇਤਾ ਸ਼ਰੀਫ ਉਸਮਾਨ ਹਾਦੀ ਦੀ ਹੱਤਿਆ ਦੇ ਦੋ ਮੁੱਖ ਸ਼ੱਕੀ ਬੰਗਲਾਦੇਸ਼ ਛੱਡ ਕੇ ਭੱਜ ਗਏ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਇਸ ਸਮੇਂ ਭਾਰਤ ’ਚ ਹਨ।
32 ਸਾਲ ਦੇ ਹਾਦੀ ਨੂੰ 12 ਦਸੰਬਰ ਨੂੰ ਢਾਕਾ ’ਚ ਚੋਣ ਪ੍ਰਚਾਰ ਦੌਰਾਨ ਸਿਰ ’ਚ ਗੋਲੀ ਮਾਰ ਦਿਤੀ ਗਈ ਸੀ। ਉਸ ਨੂੰ ਇਲਾਜ ਲਈ ਸਿੰਗਾਪੁਰ ਲਿਜਾਇਆ ਗਿਆ ਸੀ ਪਰ 18 ਦਸੰਬਰ ਨੂੰ ਉਸ ਦੀ ਮੌਤ ਹੋ ਗਈ।
ਢਾਕਾ ਮੈਟਰੋਪੋਲੀਟਨ ਪੁਲਿਸ (ਡੀ.ਐਮ.ਪੀ.) ਦੇ ਵਧੀਕ ਪੁਲਿਸ ਕਮਿਸ਼ਨਰ (ਕ੍ਰਾਈਮ ਐਂਡ ਆਪ੍ਰੇਸ਼ਨ) ਐਸ.ਐਨ. ਮੁਹੰਮਦ ਨਜ਼ਰੁਲ ਇਸਲਾਮ ਨੇ ਡੀ.ਐਮ.ਪੀ. ਮੀਡੀਆ ਸੈਂਟਰ ਵਿਚ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ, ‘‘ਸ਼ੱਕੀ ਫੈਸਲ ਕਰੀਮ ਮਸੂਦ ਅਤੇ ਆਲਮਗੀਰ ਸ਼ੇਖ ਸਥਾਨਕ ਸਾਥੀਆਂ ਦੀ ਮਦਦ ਨਾਲ ਭਾਰਤ ਦੇ ਮੇਘਾਲਿਆ ਰਾਜ ਵਿਚ ਦਾਖਲ ਹੋਏ। ਸਾਡੀ ਜਾਣਕਾਰੀ ਮੁਤਾਬਕ ਸ਼ੱਕੀ ਲੋਕ ਹਲੂਆਘਾਟ ਸਰਹੱਦ ਰਾਹੀਂ ਭਾਰਤ ’ਚ ਦਾਖਲ ਹੋਏ ਹਨ। ਪਾਰ ਕਰਨ ਤੋਂ ਬਾਅਦ, ਉਹ ਸ਼ੁਰੂ ਵਿਚ ਪੂਰਤੀ ਨਾਮ ਦੇ ਇਕ ਵਿਅਕਤੀ ਕੋਲ ਗਏ। ਬਾਅਦ ’ਚ, ਸਾਮੀ ਨਾਮ ਦੇ ਇਕ ਟੈਕਸੀ ਡਰਾਈਵਰ ਨੇ ਉਨ੍ਹਾਂ ਨੂੰ ਮੇਘਾਲਿਆ ਦੇ ਤੁਰਾ ਸ਼ਹਿਰ ਪਹੁੰਚਾਇਆ।’’
ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਨੂੰ ਗੈਰ ਰਸਮੀ ਰੀਪੋਰਟਾਂ ਮਿਲੀਆਂ ਹਨ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਭਗੌੜਿਆਂ ਦੀ ਸਹਾਇਤਾ ਕਰਨ ਵਾਲੇ ਦੋ ਵਿਅਕਤੀਆਂ, ਪੂਰਤੀ ਅਤੇ ਸਾਮੀ ਨੂੰ ਭਾਰਤ ਦੇ ਅਧਿਕਾਰੀਆਂ ਨੇ ਹਿਰਾਸਤ ਵਿਚ ਲੈ ਲਿਆ ਹੈ।
ਡੀ.ਐਮ.ਪੀ. ਅਧਿਕਾਰੀ ਨੇ ਕਿਹਾ ਕਿ ਬੰਗਲਾਦੇਸ਼ ਸਰਕਾਰ ਸ਼ੱਕੀਆਂ ਨੂੰ ਵਾਪਸ ਲਿਆਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਅਸੀਂ ਭਾਰਤੀ ਅਧਿਕਾਰੀਆਂ ਨਾਲ ਰਸਮੀ ਅਤੇ ਗੈਰ ਰਸਮੀ ਚੈਨਲਾਂ ਰਾਹੀਂ ਗੱਲਬਾਤ ਕਰ ਰਹੇ ਹਾਂ ਤਾਂ ਜੋ ਉਨ੍ਹਾਂ ਦੀ ਗ੍ਰਿਫਤਾਰੀ ਅਤੇ ਹਵਾਲਗੀ ਨੂੰ ਯਕੀਨੀ ਬਣਾਇਆ ਜਾ ਸਕੇ।’’ ਹਾਲਾਂਕਿ ਡੀ.ਐਮ.ਪੀ. ਅਧਿਕਾਰੀ ਨੇ ਇਹ ਨਹੀਂ ਦਸਿਆ ਕਿ ਦੋਵੇਂ ਕਦੋਂ ਭਾਰਤ ਭੱਜ ਗਏ ਸਨ।
ਭਾਰਤ ਦੇ ਮੇਘਾਲਿਆ ਭੱਜਣ ਵਾਲੇ ਦੋ ਸ਼ੱਕੀਆਂ ਦੇ ਡੀ.ਐਮ.ਪੀ. ਦੇ ਦਾਅਵੇ ਉਤੇ ਭਾਰਤੀ ਅਧਿਕਾਰੀਆਂ ਵਲੋਂ ਅਜੇ ਤਕ ਕੋਈ ਪ੍ਰਤੀਕ੍ਰਿਆ ਨਹੀਂ ਆਈ ਹੈ।
ਹਾਦੀ, ਜੁਲਾਈ-ਅਗੱਸਤ 2024 ਦੇ ਸਮੂਹਕ ਸੜਕਾਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਇਕ ਪ੍ਰਮੁੱਖ ਨੌਜੁਆਨ ਨੇਤਾ ਸਨ ਜਿਸ ਕਾਰਨ ਪਿਛਲੇ ਸਾਲ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਸਰਕਾਰ ਡਿੱਗ ਗਈ ਸੀ। ਉਹ 12 ਫ਼ਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਸੰਸਦੀ ਉਮੀਦਵਾਰ ਵੀ ਸਨ।
ਸਰਕਾਰੀ ਸਮਾਚਾਰ ਏਜੰਸੀ ਬੰਗਲਾਦੇਸ਼ ਸੰਗਬਾਦ ਸੰਸਥਾ (ਬੀ.ਐਸ.ਐਸ.) ਨੇ ਕਿਹਾ ਕਿ ਇਸਲਾਮ ਨੇ ਕਿਹਾ ਕਿ ਹਾਦੀ ਦੇ ਕਤਲ ਦੀ ਜਾਂਚ ਪੂਰੀ ਹੋਣ ਦੇ ਨੇੜੇ ਹੈ ਅਤੇ ਅਗਲੇ ਸੱਤ ਤੋਂ ਦਸ ਦਿਨਾਂ ਦੇ ਅੰਦਰ ਚਾਰਜਸ਼ੀਟ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਕਤਲ ਦੇ ਸਬੰਧ ਵਿਚ ਹੁਣ ਤਕ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ’ਚੋਂ ਛੇ ਨੇ ਸੀ.ਆਰ.ਪੀ.ਸੀ. ਦੀ ਧਾਰਾ 164 ਤਹਿਤ ਅਦਾਲਤ ਵਿਚ ਇਕਬਾਲੀਆ ਬਿਆਨ ਦਿਤੇ ਹਨ। ਪੁਲਿਸ ਨੇ ਇਹ ਵੀ ਕਿਹਾ ਕਿ ਕਤਲ ਪਹਿਲਾਂ ਤੋਂ ਸੋਚਿਆ ਸਮਝਿਆ ਗਿਆ ਸੀ।
