
ਲਾਕਡਾਊਨ ਖ਼ਤਮ ਕਰਨ ਲਈ ਫ਼ਰਾਂਸ, ਸਪੇਨ ਨੇ ਬਣਾਈ ਯੋਜਨਾ
ਪੈਰਿਸ, 28 ਅਪ੍ਰੈਲ : ਕੋਰੋਨਾ ਵਾਇਰਸ ਮਹਾਂਮਾਰੀ ਨਾਲ ਸਭ ਤੋਂ ਵਧੇਰੇ ਪ੍ਰਭਾਵਤ ਦੇਸ਼ ਫਰਾਂਸ ਤੇ ਸਪੇਨ ਨੇ ਲਾਕਡਾਊਨ ਖ਼ਤਮ ਕਰਨ ਲਈ ਮੰਗਲਵਾਰ ਨੂੰ ਵੱਖ-ਵੱਖ ਯੋਜਨਾਵਾਂ ਸਾਹਮਣੇ ਰੱਖੀਆਂ ਹਨ। ਉਥੇ ਹੀ ਵਾਇਰਸ ਰੋਕਣ ਦੀ ਦਿਸ਼ਾ ਵਿਚ ਨਿਊਜ਼ੀਲੈਂਡ ਤੇ ਆਸਟਰੇਲੀਆ ਨੂੰ ਬਹੁਤ ਹੱਦ ਤਕ ਸਫ਼ਲਤਾ ਮਿਲੀ ਹੈ। ਨਿਊਜ਼ੀਲੈਂਡ ਵਿਚ ਮੰਗਲਵਾਰ ਨੂੰ ਵਾਇਰਸ ਦੇ ਸਿਰਫ਼ ਤਿੰਨ ਮਾਮਲੇ ਸਾਹਮਣੇ ਆਏ। ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਕਿਹਾ ਕਿ ਵਾਇਰਸ ਦੀ ਲੜੀ ਤੋੜਣ ਵਿਚ ਲੋਕਾਂ ਨੇ ਸ਼ਲਾਘਾਯੋਗ ਕੰਮ ਕੀਤਾ ਹੈ ਪਰ ਅੱਗੇ ਵੀ ਸਾਵਧਾਨ ਰਹਿਣ ਦੀ ਲੋੜ ਹੈ।
ਦੂਜੇ ਪਾਸੇ ਬ੍ਰਾਜ਼ੀਲ ਵਿਚ ਵਾਇਰਸ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਇਸ 'ਤੇ ਸ਼ੱਕ ਗਹਿਰਾ ਹੋ ਗਿਆ ਹੈ ਕਿ ਟੀਕਾ ਵਿਕਸਿਤ ਕੀਤੇ ਬਿਨਾਂ ਕੀ ਜਾਪਾਨ ਅਗਲੇ ਸਾਲ ਵੀ ਸਮਰ ਓਲੰਪਿਕ ਦਾ ਆਯੋਜਨ ਕਰ ਸਕੇਗਾ। ਪਹਿਲਾਂ ਹੀ ਇਸ ਦਾ ਆਯੋਜਨ ਟਲ ਚੁੱਕਿਆ ਹੈ। ਯੂਰਪ ਤੇ ਹੋਰਾਂ ਦੇਸ਼ਾਂ ਵਿਚ ਵੱਡਾ ਸਵਾਲ ਇਹੀ ਹੈ ਕਿ ਸਕੂਲ ਕਾਲਜ ਕਦੋਂ ਖੁੱਲ੍ਹਣਗੇ। ਉਥੇ ਹੀ ਸਾਰੇ ਦੇਸ਼ ਲਾਕਡਾਊਨ ਵਿਚ ਢਿੱਲ ਦੇ ਕੇ ਬੈਠ ਚੁੱਕੀ ਅਰਥਵਿਵਸਥਾ ਨੂੰ ਮੁੜ ਰਫ਼ਤਾਰ ਦੇਣ ਦਾ ਵੀ ਵਿਚਾਰ ਕਰ ਰਹੇ ਹਨ। ਬਜ਼ੁਰਗਾਂ ਦੀ ਤੁਲਨਾ ਵਿਚ ਬੱਚਿਆਂ 'ਤੇ ਵਾਇਰਸ ਦਾ ਅਸਰ ਘੱਟ ਹੋਇਆ ਹੈ ਪਰ ਕਈ ਅਧਿਕਾਰੀ, ਸਿੱਖਿਅਕ ਤੇ ਪਰਵਾਰ ਵਾਲੇ ਸਕੂਲ ਖੋਲ੍ਹੇ ਜਾਣ ਨਾਲ ਬੱਚਿਆਂ ਦੀ ਸਿਹਤ ਨੂੰ ਲੈ ਕੇ ਜੋਖਿਮ ਕਾਰਣ ਵੀ ਚਿੰਤਤ ਹਨ।
ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ 11 ਮਈ ਤੋਂ ਸਕੂਲਾਂ ਨੂੰ ਦੁਬਾਰਾ ਖੋਲ੍ਹਣਾ ਚਾਹੁੰਦੇ ਹਨ ਪਰ ਅਧਿਆਪਕ, ਪ੍ਰਵਾਰ ਵਾਲੇ ਤੇ ਕੁਝ ਮੇਅਰਾਂ ਨੇ ਇਸ ਕਦਮ 'ਤੇ ਚਿੰਤਾ ਵਿਅਕਤ ਕੀਤੀ ਹੈ। ਸਰਕਾਰ ਨੇ ਕਿਹਾ ਹੈ ਕਿ ਇਹ ਪ੍ਰਵਾਰ ਵਾਲਿਆਂ 'ਤੇ ਨਿਰਭਰ ਕਰੇਗਾ ਕਿ ਉਹ ਅਪਣੇ ਬੱਚਿਆਂ ਨੂੰ ਕਲਾਸਾਂ ਵਿਚ ਭੇਜਣਗੇ ਜਾਂ ਨਹੀਂ। ਇਸ ਬਾਰੇ ਵਿਚ ਵਧੇਰੇ ਜਾਣਕਾਰੀ ਪ੍ਰਧਾਨ ਮੰਤਰੀ ਮੰਗਲਵਾਰ ਨੂੰ ਜਾਰੀ ਕਰਨਗੇ।