
USCIS ਨੇ ਕਿਹਾ ਕਿ ਉਹ ਅਪਰਾਧਿਕ ਮੁਕੱਦਮੇ ਦੀ ਕਾਰਵਾਈ ਸ਼ੁਰੂ ਕਰਨ ਦੀ ਪ੍ਰਕਿਰਿਆ ਵਿਚ ਹੈ।
ਵਾਸ਼ਿੰਗਟਨ - ਅਮਰੀਕਾ ਵਿਚ ਹਰ ਸਾਲ ਐਚ-1ਬੀ ਬਿਨੈਕਾਰਾਂ ਦੀ ਸਫ਼ਲਤਾਪੂਰਵਕ ਚੋਣ ਕਰਨ ਲਈ ਤਿਆਰ ਕੀਤੀ ਗਈ ਕੰਪਿਊਟਰਾਈਜ਼ਡ ਪ੍ਰਣਾਲੀ ਦੀ ਦੁਰਵਰਤੋਂ ਕੀਤੀ ਗਈ ਹੈ ਅਤੇ ਧੋਖਾਧੜੀ ਦੀਆਂ ਕੋਸ਼ਿਸ਼ਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਕ ਸੰਘੀ ਏਜੰਸੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
H-1B ਵੀਜ਼ਾ ਅਮਰੀਕੀ ਮਾਲਕਾਂ ਨੂੰ ਕੁਝ ਕਿੱਤਿਆਂ ਵਿਚ ਵਿਦੇਸ਼ੀ ਕਾਮਿਆਂ ਨੂੰ ਨੌਕਰੀ 'ਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ।
ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐਸਸੀਆਈਐਸ) ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਉਸ ਨੇ ਵਿੱਤੀ ਸਾਲ 2023 ਅਤੇ ਵਿੱਤੀ ਸਾਲ 2024 ਵਿਚ ਮਿਲੇ ਸਬੂਤਾਂ ਦੇ ਅਧਾਰ 'ਤੇ ਇੱਕ ਵਿਆਪਕ ਧੋਖਾਧੜੀ ਦੀ ਜਾਂਚ ਕੀਤੀ। USCIS ਨੇ ਕਿਹਾ ਕਿ ਉਹ ਅਪਰਾਧਿਕ ਮੁਕੱਦਮੇ ਦੀ ਕਾਰਵਾਈ ਸ਼ੁਰੂ ਕਰਨ ਦੀ ਪ੍ਰਕਿਰਿਆ ਵਿਚ ਹੈ।
ਇਸ ਵਿਚ ਕਿਹਾ ਗਿਆ ਹੈ ਕਿ H-1B ਪ੍ਰੋਗਰਾਮ ਸਾਡੇ ਦੇਸ਼ ਦੀ ਇਮੀਗ੍ਰੇਸ਼ਨ ਪ੍ਰਣਾਲੀ ਅਤੇ ਆਰਥਿਕਤਾ ਦਾ ਇੱਕ ਜ਼ਰੂਰੀ ਹਿੱਸਾ ਹੈ, ਅਤੇ USCIS ਕਾਨੂੰਨ ਨੂੰ ਲਾਗੂ ਕਰਨ ਅਤੇ ਅਮਰੀਕੀ ਲੇਬਰ ਮਾਰਕੀਟ ਦੀਆਂ ਬਦਲਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਇਸ ਵਿਚ ਕਿਹਾ ਗਿਆ ਹੈ ਕਿ "ਅਸੀਂ H-1B ਆਧੁਨਿਕੀਕਰਨ ਨਿਯਮ 'ਤੇ ਕੰਮ ਕਰ ਰਹੇ ਹਾਂ, ਜੋ H-1B ਰਜਿਸਟ੍ਰੇਸ਼ਨ ਪ੍ਰਣਾਲੀ ਵਿੱਚ ਧੋਖਾਧੜੀ ਅਤੇ ਦੁਰਵਿਵਹਾਰ ਦੀ ਸੰਭਾਵਨਾ ਨੂੰ ਘਟਾਉਣ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਮਜ਼ਬੂਤ ਕਰੇਗਾ।" ਐਚ-1ਬੀ ਵੀਜ਼ਾ ਵਿਰੁੱਧ ਮੁਹਿੰਮ ਚਲਾ ਰਹੇ ਸਮੂਹ ਯੂਐਸ ਟੈਕ ਵਰਕਰਜ਼ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਅਜਿਹੇ ਘੁਟਾਲਿਆਂ ਬਾਰੇ ਚੇਤਾਵਨੀ ਦੇ ਰਿਹਾ ਹੈ।