
ਲੋਹੇ ਨਾਲ ਢਕੇ ਬੰਕਰਾਂ ਦਾ ਨਿਰਮਾਣ ਅਤੇ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ ’ਤੇ ਮਨੁੱਖ ਰਹਿਤ ਲੜਾਕੂ ਹਵਾਈ ਉਪਕਰਣਾਂ ਦੀ ਤਾਇਨਾਤੀ ਜਾਰੀ
ਕੁਪਵਾੜਾ: ਚੀਨ ਪਿਛਲੇ ਤਿੰਨ ਸਾਲਾਂ ਤੋਂ ਪਾਕਿਸਤਾਨ ਨਾਲ ਰੱਖਿਆ ਸਹਿਯੋਗ ਨੂੰ ਲਗਾਤਾਰ ਵਧਾ ਰਿਹਾ ਹੈ, ਜਿਸ ਵਿਚ ਲੋਹੇ ਨਾਲ ਢਕੇ ਬੰਕਰਾਂ ਦਾ ਨਿਰਮਾਣ ਅਤੇ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ ’ਤੇ ਮਨੁੱਖ ਰਹਿਤ ਲੜਾਕੂ ਹਵਾਈ ਉਪਕਰਣਾਂ ਦੀ ਤਾਇਨਾਤੀ ਸ਼ਾਮਲ ਹੈ।
ਇਸ ਤੋਂ ਇਲਾਵਾ ਚੀਨ ਕੰਟਰੋਲ ਰੇਖਾ ’ਤੇ ਅਤਿ ਗੁਪਤ ਸੰਚਾਰ ਟਾਵਰ ਸਥਾਪਤ ਕਰਨ ਅਤੇ ਜ਼ਮੀਨਦੋਜ਼ ਫਾਈਬਰ ਕੇਬਲ ਪਾਉਣ ’ਚ ਵੀ ਮਦਦ ਕਰ ਰਿਹਾ ਹੈ। ਜਦਕਿ ਚੀਨੀ ਮੂਲ ਦੀ ਐਡਵਾਂਸਡ ਰਾਡਾਰ ਜਿਵੇਂ ਕਿ ਜੇਵਾਈ ਅਤੇ ਐਚ.ਜੀ.ਆਰ. ਨੂੰ ਦਰਮਿਆਨ ਅਤੇ ਘੱਟ ਉਚਾਈ ਵਾਲੇ ਟੀਚਿਆਂ ਦੀ ਪਛਾਣ ਸਮਰੱਥਾ ਵਧਾਉਣ ਲਈ ਤਾਇਨਾਤ ਕੀਤਾ ਗਿਆ ਹੈ, ਜੋ ਫੌਜ ਅਤੇ ਹਵਾਈ ਰੱਖਿਆ ਇਕਾਈਆਂ ਨੂੰ ਮਹੱਤਵਪੂਰਣ ਖੁਫੀਆ ਸਹਾਇਤਾ ਪ੍ਰਦਾਨ ਕਰਦੇ ਹਨ।
ਇਸ ਤੋਂ ਇਲਾਵਾ ਇਕ ਚੀਨੀ ਕੰਪਨੀ ਵਲੋਂ ਬਣਾਈ ਗਈ 155 ਮਿਲੀਮੀਟਰ ਹੋਵਿਟਜ਼ਰ ਤੋਪ ਐਸ.ਐਚ.-15 ਦੀ ਮੌਜੂਦਗੀ ਵੀ ਕੰਟਰੋਲ ਰੇਖਾ ਦੇ ਨਾਲ ਵੱਖ-ਵੱਖ ਥਾਵਾਂ ’ਤੇ ਦੇਖੀ ਗਈ ਹੈ। ਇਸ ਕਦਮ ਨੂੰ ਪਾਕਿਸਤਾਨ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਨਿਵੇਸ਼ ਦੀ ਰੱਖਿਆ ਕਰਨ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਵਜੋਂ ਵੇਖਿਆ ਜਾ ਰਿਹਾ ਹੈ, ਖ਼ਾਸਕਰ ਚੀਨ-ਪਾਕਿਸਤਾਨ ਆਰਥਕ ਗਲਿਆਰੇ (ਸੀ.ਪੀ.ਈ.ਸੀ.) ਦੇ ਤਹਿਤ।
ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ 2014 ਦੀ ਤਰ੍ਹਾਂ ਅੱਗੇ ਦੀਆਂ ਚੌਕੀਆਂ ’ਤੇ ਨਹੀਂ ਮਿਲੀ ਹੈ, ਪਰ ਕੁੱਝ ਸੁਰਾਗਾਂ ਤੋਂ ਪਤਾ ਲਗਦਾ ਹੈ ਕਿ ਚੀਨੀ ਸੈਨਿਕ ਅਤੇ ਇੰਜੀਨੀਅਰ ਕੰਟਰੋਲ ਰੇਖਾ ’ਤੇ ਭੂਮੀਗਤ ਬੰਕਰਾਂ ਦੇ ਨਿਰਮਾਣ ਸਮੇਤ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਹੇ ਹਨ।
ਅਧਿਕਾਰੀਆਂ ਨੇ ਦਸਿਆ ਕਿ ਚੀਨੀ ਮਾਹਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਲੀਪਾ ਘਾਟੀ ’ਚ ਸੁਰੰਗ ਬਣਾਉਣ ’ਚ ਲੱਗੇ ਹੋਏ ਹਨ, ਜੋ ਕਾਰਾਕੋਰਮ ਹਾਈਵੇਅ ਨੂੰ ਜੋੜਨ ਵਾਲੀ ਸਦਾਬਹਾਰ ਸੜਕ ਦੇ ਨਿਰਮਾਣ ਦਾ ਸੰਕੇਤ ਦਿੰਦਾ ਹੈ।
ਇਹ ਰਣਨੀਤਕ ਕਦਮ ਚੀਨ ਦੇ 46 ਅਰਬ ਡਾਲਰ ਦੇ ਸੀ.ਪੀ.ਈ.ਸੀ. ਪ੍ਰਾਜੈਕਟ ਨਾਲ ਜੁੜਿਆ ਹੋਇਆ ਹੈ, ਜਿਸ ਦਾ ਉਦੇਸ਼ ਚੀਨ ਦੇ ਨਾਜਾਇਜ਼ ਕਬਜ਼ੇ ਵਿਚ ਕਾਰਾਕੋਰਮ ਹਾਈਵੇਅ ਰਾਹੀਂ ਪਾਕਿਸਤਾਨ ਵਿਚ ਗਵਾਦਰ ਬੰਦਰਗਾਹ ਨੂੰ ਚੀਨ ਦੇ ਸ਼ਿਨਜਿਆਂਗ ਸੂਬੇ ਨਾਲ ਜੋੜਨ ਵਾਲੀ ਸਿੱਧੀ ਸੜਕ ਸਥਾਪਤ ਕਰਨਾ ਹੈ।
ਸਾਲ 2007 ਵਿਚ ਇਕ ਚੀਨੀ ਦੂਰਸੰਚਾਰ ਕੰਪਨੀ ਨੇ ਇਕ ਪਾਕਿਸਤਾਨੀ ਦੂਰਸੰਚਾਰ ਕੰਪਨੀ ਨੂੰ ਖਰੀਦ ਲਿਆ ਅਤੇ ਚਾਈਨਾ ਮੋਬਾਈਲ ਪਾਕਿਸਤਾਨ (ਸੀ.ਐੱਮ.ਪੀ.ਏ.ਸੀ.) ਦਾ ਗਠਨ ਕੀਤਾ, ਜੋ ਚਾਈਨਾ ਮੋਬਾਈਲ ਕਮਿਊਨੀਕੇਸ਼ਨਜ਼ ਕਾਰਪੋਰੇਸ਼ਨ ਦੀ 100 ਫੀ ਸਦੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ।
ਅਗੱਸਤ 2022 ’ਚ, ਪਾਕਿਸਤਾਨ ਦੂਰਸੰਚਾਰ ਅਥਾਰਟੀ (ਪੀ.ਟੀ.ਏ.) ਨੇ ਪੀ.ਓ.ਕੇ. ਲਈ ਸੀ.ਐਮ.ਪੀ.ਏ.ਸੀ. (ਜੋਂਗ) ਦੇ ਮੋਬਾਈਲ ਲਾਇਸੈਂਸ ਨੂੰ ਨਵਿਆਉਣ ਦੇ ਨਾਲ-ਨਾਲ ਖੇਤਰ ’ਚ ਅਗਲੀ ਪੀੜ੍ਹੀ ਦੀਆਂ ਮੋਬਾਈਲ ਸੇਵਾਵਾਂ (ਐਨ.ਜੀ.ਐਮ.ਐਸ.) ਦੇ ਵਿਸਥਾਰ ਦੀ ਇਜਾਜ਼ਤ ਦਿਤੀ ਸੀ। ਹਾਲਾਂਕਿ ਭਾਰਤੀ ਫੌਜ ਨੇ ਇਸ ਮਾਮਲੇ ’ਤੇ ਚੁੱਪ ਧਾਰੀ ਹੋਈ ਹੈ, ਪਰ ਖੁਫੀਆ ਏਜੰਸੀਆਂ ਨੂੰ ਘਟਨਾਕ੍ਰਮ ਬਾਰੇ ਜਾਣਕਾਰੀ ਦਿਤੀ ਜਾ ਰਹੀ ਹੈ।
ਖੇਤਰ ’ਚ ਚੀਨੀ ਫ਼ੌਜੀਆਂ ਦੀ ਲਗਾਤਾਰ ਮੌਜੂਦਗੀ ਨੇ ਚਿੰਤਾਵਾਂ ਵਧਾ ਦਿਤੀ ਆਂ ਹਨ ਅਤੇ ਭਾਰਤ ਨੇ ਪਿਛਲੇ ਸਮੇਂ ’ਚ ਗਿਲਗਿਤ ਅਤੇ ਬਾਲਟਿਸਤਾਨ ਖੇਤਰਾਂ ’ਚ ਚੀਨੀ ਗਤੀਵਿਧੀਆਂ ’ਤੇ ਇਤਰਾਜ਼ ਜਤਾਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਤਣਾਅ ਜਾਰੀ ਰਹਿਣ ਦੇ ਬਾਵਜੂਦ ਭਾਰਤ ਚੌਕਸ ਹੈ ਅਤੇ ਸਰਹੱਦ ਪਾਰ ਤੋਂ ਕਿਸੇ ਵੀ ਸੰਭਾਵਤ ਖਤਰੇ ਨਾਲ ਨਜਿੱਠਣ ਲਈ ਤਿਆਰ ਹੈ।