
ਤੁਰਕੀ ਨੇ ਜਤਾਇਆ ਵਿਰੋਧ
ਸਟਾਕਹੋਮ: ਸਵੀਡਨ 'ਚ ਈਦ-ਉਲ-ਅਜ਼ਹਾ ਮੌਕੇ 'ਤੇ ਸਟਾਕਹੋਮ ਦੀ ਇਕ ਮਸਜਿਦ ਦੇ ਬਾਹਰ ਇਕ ਵਿਅਕਤੀ ਨੇ ਕੁਰਾਨ ਨੂੰ ਸਾੜ ਕੇ ਪ੍ਰਦਰਸ਼ਨ ਕੀਤਾ। ਇਸ ਦੇ ਲਈ ਉਸ ਨੇ ਸਵੀਡਿਸ਼ ਸਰਕਾਰ ਤੋਂ ਇਜਾਜ਼ਤ ਲੈ ਲਈ ਸੀ। ਮੀਡੀਆ ਰੀਪੋਰਟ ਅਨੁਸਾਰ, ਇਹ ਇਜਾਜ਼ਤ ਪ੍ਰਗਟਾਵੇ ਦੀ ਆਜ਼ਾਦੀ ਦੇ ਤਹਿਤ ਇਕ ਦਿਨ ਦੇ ਪ੍ਰਦਰਸ਼ਨ ਲਈ ਦਿਤੀ ਗਈ ਸੀ। ਇਸ ਵਿਰੋਧ ਪ੍ਰਦਰਸ਼ਨ ਵਿਚ ਸਿਰਫ਼ ਇਕ ਵਿਅਕਤੀ ਅਪਣੇ ਅਨੁਵਾਦਕ ਨਾਲ ਸ਼ਾਮਲ ਹੋਇਆ ਸੀ।
ਰਾਇਟਰਜ਼ ਅਨੁਸਾਰ ਪ੍ਰਦਰਸ਼ਨਕਾਰੀ ਵਿਅਕਤੀ ਨੇ ਕੁਰਾਨ ਦੇ ਕੁੱਝ ਪੰਨੇ ਪਾੜ ਦਿਤੇ ਅਤੇ ਉਨ੍ਹਾਂ ਨੂੰ ਅੱਗ ਲਗਾ ਦਿਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਵੀਡਨ ਦਾ ਝੰਡਾ ਵੀ ਲਹਿਰਾਇਆ। ਪ੍ਰਦਰਸ਼ਨ ਦੇਖ ਰਹੇ 200 ਲੋਕਾਂ 'ਚੋਂ ਕੁੱਝ ਨੇ ਇਸ ਦੇ ਹੱਕ 'ਚ ਅਤੇ ਕੁਝ ਨੇ ਵਿਰੋਧ 'ਚ ਨਾਅਰੇ ਲਾਏ। ਇਕ ਵਿਅਕਤੀ ਨੇ ਪ੍ਰਦਰਸ਼ਨਕਾਰੀ 'ਤੇ ਪੱਥਰ ਵੀ ਸੁੱਟਿਆ, ਇਸ ਦੌਰਾਨ ਉਸ ਨੇ ਅਰਬੀ ਵਿਚ 'ਰੱਬ ਮਹਾਨ ਹੈ' ਦਾ ਨਾਅਰਾ ਲਗਾਇਆ ਇਸ ਮਗਰੋਂ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ।
ਤੁਰਕੀ ਨੇ ਕੀਤਾ ਵਿਰੋਧ
ਤੁਰਕੀ ਨੇ ਸਵੀਡਨ ਵਿਚ ਕੁਰਾਨ ਨੂੰ ਸਾੜਨ ਦਾ ਵਿਰੋਧ ਕੀਤਾ ਹੈ। ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਘਿਨੌਣਾ ਅਪਰਾਧ ਦਸਿਆ ਹੈ। ਵਿਦੇਸ਼ ਮੰਤਰੀ ਹਕਾਨ ਫਿਦਾਨ ਨੇ ਟਵੀਟ ਕੀਤਾ ਕਿ ਕੋਈ ਵੀ ਵਿਅਕਤੀ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂਅ 'ਤੇ ਇਸਲਾਮ ਵਿਰੋਧੀ ਪ੍ਰਦਰਸ਼ਨ ਨਹੀਂ ਕਰ ਸਕਦਾ। ਅਸੀਂ ਇਸ ਨੂੰ ਸਵੀਕਾਰ ਨਹੀਂ ਕਰਾਂਗੇ। ਜੇਕਰ ਕੋਈ ਦੇਸ਼ ਨਾਟੋ 'ਚ ਸ਼ਾਮਲ ਹੋ ਕੇ ਸਾਡਾ ਭਾਈਵਾਲ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਇਸਲਾਮੋਫੋਬੀਆ ਫੈਲਾਉਣ ਵਾਲੇ ਅਤਿਵਾਦੀਆਂ 'ਤੇ ਕਾਬੂ ਪਾਉਣਾ ਹੋਵੇਗਾ।
ਸਵੀਡਨ ਦੇ ਪ੍ਰਧਾਨ ਮੰਤਰੀ ਦਾ ਬਿਆਨ
ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਨੇ ਕਿਹਾ - ਮੈਂ ਇਹ ਅੰਦਾਜ਼ਾ ਨਹੀਂ ਲਗਾਉਣਾ ਚਾਹੁੰਦਾ ਕਿ ਇਸ ਪ੍ਰਦਰਸ਼ਨ ਦਾ ਸਾਡੀ ਸੰਭਾਵਿਤ ਨਾਟੋ ਮੈਂਬਰਸ਼ਿਪ 'ਤੇ ਕੀ ਪ੍ਰਭਾਵ ਪਵੇਗਾ। ਇਸ ਤਰ੍ਹਾਂ ਦਾ ਵਿਰੋਧ ਕਾਨੂੰਨ ਦੇ ਦਾਇਰੇ 'ਚ ਆਉਂਦਾ ਹੈ ਪਰ ਫਿਰ ਵੀ ਇਹ ਸਹੀ ਨਹੀਂ ਹੈ। ਪੁਲਿਸ ਹੀ ਤੈਅ ਕਰੇਗੀ ਕਿ ਇਸ ਮਾਮਲੇ ਵਿਚ ਕੀ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਵਿਰੋਧ ਤੋਂ ਬਾਅਦ ਪੁਲਿਸ ਨੇ ਉਸ ਵਿਅਕਤੀ ਵਿਰੁਧ ਧਰਮ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਦਰਜ ਕੀਤਾ ਹੈ।