
ਪੀੜਤ ਲੋਕਾਂ ਦੇ ਘਰਾਂ ਦੇ ਜਾਨਵਰਾਂ ਵਿਚ ਲਗਭਗ ਨਿਸ਼ਚਿਤ ਰੂਪ ਨਾਲ ਹੋਵੇਗਾ ਵਾਇਰਸ
ਲੰਡਨ, 28 ਜੁਲਾਈ : ਵਿਗਿਆਨੀਆਂ ਨੇ ਇਟਲੀ ਦੇ ਇਕ ਛੋਟੇ ਹਿੱਸੇ ਵਿਚ ਪਾਲਤੂ ਕੁੱਤਿਆਂ ਅਤੇ ਬਿੱਲੀਆਂ ਵਿਚ ਸਾਰਸ ਕੋਵ-2 ਵਾਇਰਸ ਨੂੰ ਕਿਰਿਆਹੀਣ ਕਰਨ ਵਾਲੇ ਐਂਟੀਬੌਡੀਜ਼ ਪਾਏ ਹਨ। ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਪਾਲਤੂ ਜਾਨਵਰਾਂ ਨੂੰ ਵੀ ਇਹ ਬੀਮਾਰੀ ਹੋ ਸਕਦੀ ਹੈ। ਬ੍ਰਿਟੇਨ ਦੀ ਲੀਵਰਪੂਲ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਸਮੇਤ ਹੋਰਾਂ ਨੇ ਉੱਤਰੀ ਇਟਲੀ ਤੋਂ 500 ਪਾਲਤੂ ਜਾਨਵਰਾਂ ਦੇ ਨਮੂਨੇ ਲਏ।
Cat
ਖੋਜ ਕਰਤਾਵਾਂ ਨੇ ਪਾਇਆ ਕਿ ਕੋਈ ਵੀ ਜਾਨਵਰ ਪੀ.ਸੀ.ਆਰ. ਜਾਂਚ ਵਿਚ ਪੀੜਤ ਨਹੀਂ ਪਾਇਆ ਗਿਆ ਪਰ 3.4 ਫ਼ੀਸਦੀ ਕੁੱਤਿਆਂ ਅਤੇ 3.9 ਫ਼ੀ ਸਦੀ ਬਿੱਲੀਆਂ ਵਿਚ ਸਾਰਸ ਕੋਵ-2 ਨੂੰ ਕਿਰਿਆਹੀਣ ਕਰਨ ਵਾਲੇ ਐਂਟੀਬਾਡੀਜ਼ ਮਹੱਤਵਪੂਰਨ ਮਾਤਰਾ ਵਿਚ ਪਾਏ ਗਏ। ਵੈਬਸਾਈਟ ਬਾਇਓਆਰਐਕਸਈਵ 'ਤੇ ਪ੍ਰਕਾਸ਼ਿਤ ਅਧਿਐਨ ਵਿਚ ਇਹ ਨਤੀਜਾ ਸਾਹਮਣੇ ਆਇਆ ਕਿ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਪ੍ਰਵਾਰਾਂ ਵਿਚ ਕੁੱਤਿਆਂ ਦੇ ਪੀੜਤ ਹੋਣ ਦੀ ਸੰਭਾਵਨਾ ਨੈਗੇਟਿਵ ਨਤੀਜੇ ਆਉਣ ਵਾਲੇ ਘਰਾਂ ਦੇ ਮੁਕਾਬਲੇ ਜ਼ਿਆਦਾ ਹੈ। ਹਾਲੇ ਇਸ ਅਧਿਐਨ ਦੀ ਸਮੀਖਿਆ ਬਾਕੀ ਹੈ।
ਲੀਵਰਪੂਲ ਯੂਨੀਵਰਸਿਟੀ ਦੇ ਪ੍ਰੋਫੈਸਰ ਐਲਨ ਰੇਡਫੋਰਡ ਨੇ ਕਿਹਾ ਕਿ ਕੋਈ ਵੀ ਜਾਨਵਰ ਪੀੜਤ ਨਹੀਂ ਪਾਇਆ ਗਿਆ। ਲੋਕਾਂ ਨੂੰ ਇਹ ਜਾਨਣ ਦੀ ਲੋੜ ਹੈ ਕਿ ਪੀੜਤ ਲੋਕਾਂ ਦੇ ਘਰਾਂ ਦੇ ਜਾਨਵਰਾਂ ਵਿਚ ਲਗਭਗ ਨਿਸ਼ਚਿਤ ਰੂਪ ਨਾਲ ਵਾਇਰਸ ਹੋਵੇਗਾ ਅਤੇ ਰਿਸਰਚ ਵਿਚ ਇਹ ਵੀ ਸਬੂਤ ਮਿਲੇ ਹਨ ਕਿ ਉਹ ਪੀੜਤ ਵੀ ਹੋਏ ਹੋਣਗੇ। ਰੇਡਫੋਰਡ ਨੇ ਕਿਹਾ,''ਭਾਵੇਂਕਿ ਇਹ ਵੀ ਧਿਆਨ ਦੇਣ ਦੀ ਗੱਲ ਹੈ ਕਿ ਪਾਲਤੂ ਜਾਨਵਰਾਂ ਤੋਂ ਇਨਸਾਨਾਂ ਵਿਚ ਇਸ ਵਾਇਰਸ ਦੇ ਫੈਲਣ ਦੇ ਸਬੂਤ ਨਹੀਂ ਮਿਲੇ ਹਨ।'