
ਇਸ ਵਿਚ ਚੀਨ ਭਾਰਤ ਅਤੇ ਕਈ ਹੋਰ ਦੇਸ਼ਾਂ ਤੋਂ ਕਰੀਬ 50,000 ਤੋਂ ਵੱਧ ਸੈਨਿਕ ਸ਼ਾਮਲ ਹੋਣਗੇ।
ਮਾਸਕੋ - ਰੂਸ ਨੇ ਸੋਮਵਾਰ ਨੂੰ ਕਿਹਾ ਕਿ 'ਵੋਸਤੋਕ 2022 ਫੌਜੀ ਅਭਿਆਸ' 1 ਤੋਂ 7 ਸਤੰਬਰ ਤੱਕ ਸੁਦੂਰ ਪੂਰਬ ਅਤੇ ਜਾਪਾਨ ਦੇ ਸਾਗਰ ਦੇ ਵੱਖ-ਵੱਖ ਸਥਾਨਾਂ 'ਤੇ ਆਯੋਜਿਤ ਕੀਤਾ ਜਾਵੇਗਾ ਅਤੇ ਇਸ ਵਿਚ ਚੀਨ ਭਾਰਤ ਅਤੇ ਕਈ ਹੋਰ ਦੇਸ਼ਾਂ ਤੋਂ ਕਰੀਬ 50,000 ਤੋਂ ਵੱਧ ਸੈਨਿਕ ਸ਼ਾਮਲ ਹੋਣਗੇ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਟਾਸ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਇਕ ਬਿਆਨ 'ਚ ਕਿਹਾ ਕਿ 1 ਤੋਂ 7 ਸਤੰਬਰ ਤੱਕ ਪੂਰਬੀ ਮਿਲਟਰੀ ਡਿਸਟ੍ਰਿਕਟ ਦੇ ਸੱਤ ਸਿਖਲਾਈ ਮੈਦਾਨਾਂ ਅਤੇ ਸਾਗਰ ਦੇ ਸਮੁੰਦਰੀ ਅਤੇ ਤੱਟਵਰਤੀ ਖੇਤਰਾਂ 'ਤੇ 'ਰੱਖਿਆਤਮਕ ਅਤੇ ਹਮਲਾਵਰ ਕਾਰਵਾਈਆਂ' ਦਾ ਅਭਿਆਸ ਕੀਤਾ ਜਾਵੇਗਾ।
ਬਿਆਨ ਵਿਚ ਕਿਹਾ ਗਿਆ ਹੈ ਕਿ "ਰਣਨੀਤਕ ਅਭਿਆਸ 50,000 ਤੋਂ ਵੱਧ ਸੈਨਿਕਾਂ ਅਤੇ 5,000 ਤੋਂ ਵੱਧ ਹਥਿਆਰ ਅਤੇ ਫੌਜੀ ਹਾਰਡਵੇਅਰ ਖਾਸ ਤੌਰ 'ਤੇ 140 ਜਹਾਜ਼, 60 ਲੜਾਕੂ ਜਹਾਜ਼, ਗਨਬੋਟ ਨੂੰ ਇਕੱਠਾ ਕਰੇਗਾ। ਬਿਆਨ ਮੁਤਾਬਕ ਇਸ ਫੌਜੀ ਅਭਿਆਸ 'ਚ ਚੀਨ, ਭਾਰਤ, ਲਾਓਸ, ਮੰਗੋਲੀਆ, ਨਿਕਾਰਾਗੁਆ, ਸੀਰੀਆ ਅਤੇ ਕਈ ਸਾਬਕਾ ਸੋਵੀਅਤ ਦੇਸ਼ਾਂ ਦੇ ਫੌਜੀ ਹਿੱਸਾ ਲੈਣਗੇ। ਰੂਸ ਵਿਚ ਵੋਸਤੋਕ-2022 ਫੌਜੀ ਅਭਿਆਸ ਵਿਚ ਭਾਰਤੀ ਸੈਨਿਕਾਂ ਦੀ ਭਾਗੀਦਾਰੀ 'ਤੇ ਨਵੀਂ ਦਿੱਲੀ ਵਿਚ ਭਾਰਤੀ ਫੌਜ ਜਾਂ ਰੱਖਿਆ ਮੰਤਰਾਲੇ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ।