
ਟਰੰਪ ਕਾਰਨ ਸਿੱਖ ਅਮਰੀਕੀ ਫ਼ੌਜ ਵਿਚ ਪੱਗ ਅਤੇ ਦਾਹੜੀ ਨਾਲ ਸੇਵਾ ਨਿਭਾ ਸਕਦੇ ਹਨ
ਵਾਸ਼ਿੰਗਟਨ, 29 ਸਤੰਬਰ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਅਧੀਨ ਸਿੱਖਾਂ ਦੇ ਸੁਰੱਖਿਅਤ ਹੋਣ ਦਾ ਦਾਅਵਾ ਕਰਦੇ ਹੋਏ ਇਕ ਪ੍ਰਮੁਖ ਅਮਰੀਕੀ ਸਿੱਖ ਸੰਗਠਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਬਾਈਡੇਨ ਅਭਿਆਨ ਸਿੱਖਾਂ ਦਾ ਮਨੋਬਲ ਢਾਹੁਣ ਅਤੇ ਉਸ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੋ. ਬਾਈਡੇਨ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ। ਅਮਰੀਕੀ ਸਿੱਖ ਵਕੀਲ ਅਤੇ ਟਰੰਪ ਦੇ ਵਕੀਲਾਂ ਵਿਚੋਂ ਇਕ ਹਰਮੀਤ ਢਿੱਲੋਂ ਨੇ ਕਿਹਾ ਕਿ ਧਾਰਮਕ ਆਜ਼ਾਦੀ ਅਤੇ ਨਿਜੀ ਆਜ਼ਾਦੀ ਸੁਰੱਖਿਅਤ ਕਰਨ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਹਿਲ ਕਾਰਨ ਕਈ ਸਿੱਖ ਨੌਜਵਾਨ ਅੱਜ ਅਮਰੀਕੀ ਫ਼ੌਜ ਵਿਚ ਅਪਣੀ ਪੱਗ ਅਤੇ ਦਾਹੜੀ ਨਾਲ ਸੇਵਾ ਨਿਭਾ ਰਹੇ ਹਨ।
ਟਰੰਪ ਅਭਿਆਨ ਨਾਲ ਜੁੜੇ ਸਿੱਖਾਂ ਵਿਚੋਂ ਇਕ ਜਸਦੀਪ ਸਿੰਘ ਨੇ ਦਸਿਆ ਕਿ ਸਿੱਖ ਪਹਿਲਾਂ ਕਦੇ ਐਨੇ ਸੁਰੱਖਿਅਤ ਨਹੀਂ ਸਨ, ਜਿੰਨੇ ਟਰੰਪ ਪ੍ਰਸ਼ਾਸਨ ਦੇ ਅਧੀਨ ਹਨ। ਉਨ੍ਹਾਂ ਕਿਹਾ,''ਅਸੀਂ ਯੋਧਾ ਕੌਮ 'ਚੋਂ ਹਾਂ, ਸਾਨੂੰ ਕੋਈ ਪ੍ਰੇਸ਼ਾਨ ਨਹੀਂ ਕਰ ਸਕਦਾ। ਅਜਿਹਾ ਕਹਿ ਕੇ ਕਿ ਸਿੱਖ ਅਮਰੀਕਾ ਵਿਚ ਸੁਰੱਖਿਅਤ ਨਹੀਂ ਹਨ ਬਾਈਡੇਨ ਅਭਿਆਨ ਦਲ ਸਾਡਾ ਮਨੋਬਲ ਤੋੜਨ ਅਤੇ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।'' ਬਾਈਡੇਨ ਅਭਿਆਨ ਨੇ ਅਮਰੀਕਾ ਵਿਚ ਸਿੱਖਾਂ ਸਾਹਮਣੇ ਪੇਸ਼ ਆ ਰਹੀ 'ਜੇਨੋਫ਼ੋਬੀਆ (ਦੂਜੇ ਦੇਸ਼ ਦੇ ਲੋਕਾਂ ਨੂੰ ਨਾ-ਪਸੰਦ ਕਰਨਾ) ਸਹਿਤ ਕਈ ਚੁਨੌਤੀਆਂ ਦਾ ਹੱਲ ਕਰਨ ਦਾ ਸੰਕਲਪ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਈਡੇਨ ਅਤੇ ਹੈਰਿਸ ਪ੍ਰਸ਼ਾਸਨ 'ਸਿੱਖ ਵਿਰੋਧੀ' ਸਾਬਤ ਹੋਵੇਗਾ।
ਉਨ੍ਹਾਂ ਕਿਹਾ ਕਿ ਹੈਰਿਸ ਕੈਲੀਫ਼ੋਰਨੀਆਂ ਦੇ ਅਟਾਰਨੀ ਜਨਰਲ ਵਿਚ ਅਪਣੇ ਕਾਰਜਕਾਲ ਦੌਰਾਨ ਸਿੱਖ ਵਿਅਕਤੀ ਤਰਲੋਚਨ ਸਿੰਘ ਉਬਰਾਏ ਦੀ ਨੌਕਰੀ ਦੇ ਵਿਰੁਧ ਸੀ, ਜਿਸ ਨੇ ਅਪਣੀ ਦਾਹੜੀ ਕੱਟਣ ਤੋਂ ਮਨਾ ਕਰ ਦਿਤਾ ਸੀ। ਉਨ੍ਹਾਂ ਕਿਹਾ,''ਹੈਰਿਸ ਨੇ ਉਸ ਨੂੰ ਦਾਹੜੀ ਕੱਟਣ ਲਈ ਕਿਹਾ ਸੀ ਅਤੇ ਉਸ ਨੂੰ ਧਰਮ ਜਾਂ ਨੌਕਰੀ ਵਿਚੋਂ ਕਿਸੇ ਇਕ ਦੀ ਚੋਣ ਕਰਨ ਲਈ ਕਿਹਾ ਸੀ। ਭਾਰਤੀ ਮੂਲ ਦੀ ਹੋਣ ਦੇ ਬਾਵਜੂਦ ਉਹ ਸਿੱਖ ਵਿਰੋਧੀ ਹੈ।'' (ਪੀਟੀਆਈ)