
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਅਤ ਬ੍ਰਿਟਿਸ਼-ਪਾਕਿਸਤਾਨੀ ਪੱਤਰਕਾਰ ਰੇਹਮ ਖ਼ਾਨ ਨੇ ਇਕ ਵਾਰ ਫਿਰ ਉਨ੍ਹਾਂ 'ਤੇ.......
ਲੰਡਨ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਅਤ ਬ੍ਰਿਟਿਸ਼-ਪਾਕਿਸਤਾਨੀ ਪੱਤਰਕਾਰ ਰੇਹਮ ਖ਼ਾਨ ਨੇ ਇਕ ਵਾਰ ਫਿਰ ਉਨ੍ਹਾਂ 'ਤੇ ਹਮਲਾ ਬੋਲਿਆ ਹੈ। ਰੇਹਮ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਵਿਚ ਲੋਕਤੰਤਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਇਥੇ ਦੇਸ਼ ਦਾ ਸ਼ਾਸਨ ਫੌਜ ਚਲਾ ਰਹੀ ਹੈ। ਉਨ੍ਹਾਂ ਨੇ ਕਿਹਾ,''ਇਹ ਕਿਸ ਤਰ੍ਹਾਂ ਦਾ ਲੋਕਤੰਤਰ ਹੈ ਜਿੱਥੇ ਲੋਕਾਂ ਤੋਂ ਬਿਨਾਂ ਪੁੱਛੇ, ਬਿਨ੍ਹਾਂ ਉਨ੍ਹਾਂ ਦੇ ਸੁਝਾਅ ਲਏ, ਬਿਨਾਂ ਸੰਸਦ ਨੂੰ ਵਿਸ਼ਵਾਸ ਵਿਚ ਲਈ ਫੈਸਲੇ ਕੀਤੇ ਜਾ ਰਹੇ ਹਨ। ਇਹ ਲੋਕਤੰਤਰ ਤਾਂ ਬਿਲਕੁੱਲ ਨਹੀਂ ਹੈ। ਮੇਰਾ ਮੰਨਣਾ ਹੈ ਕਿ ਉਨ੍ਹਾਂ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਪਾਕਿਸਤਾਨ ਵਿਚ ਸ਼ਰੇਆਮ ਫੌਜੀ ਸ਼ਾਸਨ ਹੈ।''
ਇਕ ਅੰਤਰਰਾਸ਼ਟਰੀ ਮੰਚ 'ਤੇ ਪਾਕਿਸਤਾਨ ਦੀ ਗਰੀਬੀ 'ਤੇ ਚਰਚਾ ਦੌਰਾਨ ਅਪਣੇ ਸਾਬਕਾ ਪਤੀ ਦੀ ਆਲੋਚਨਾ ਕਰਦਿਆਂ ਰੇਹਮ ਨੇ ਕਿਹਾ,''ਮੌਜੂਦਾ ਸਮੇਂ ਵਿਚ ਪਾਕਿਸਤਾਨ ਬਹੁਤ ਬਦਕਿਸਮਤੀ ਵਾਲੇ ਦੌਰ ਵਿਚੋਂ ਲੰਘ ਰਿਹਾ ਹੈ। ਪ੍ਰਧਾਨ ਮੰਤਰੀ ਸਾਊਦੀ ਅਰਬ ਜਾਂਦੇ ਹਨ ਅਤੇ ਖੁੱਲ੍ਹ ਕੇ ਪਾਕਿਸਤਾਨ ਦੀ ਗਰੀਬੀ ਬਾਰੇ ਚਰਚਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਦੇ ਦੇਸ਼ ਵਿਚ ਪੈਸਾ ਨਹੀਂ ਹੈ।'' ਮੇਰਾ ਮੰਨਣਾ ਹੈ ਕਿ ਕੋਈ ਵੀ ਵਿਅਕਤੀ ਭਾਵੇਂ ਉਹ ਕਾਰੋਬਾਰ ਕਰਦਾ ਹੋਵੇ ਜਾਂ ਨਿਵੇਸ਼ਕ ਹੋਵੇ ਉਹ ਇਕ ਅੰਤਰਰਾਸ਼ਟਰੀ ਮੰਚ 'ਤੇ ਅਪਣੇ ਦੇਸ਼ ਦਾ ਅਪਮਾਨ ਨਹੀਂ ਕਰੇਗਾ।
ਰੇਹਮ ਨੇ ਇਸ ਮੁੱਦੇ 'ਤੇ ਸੰਸਦ ਵਿਚ ਚਰਚਾ ਦੀ ਮੰਗ ਕੀਤੀ। ਪੱਤਰਕਾਰ ਰੇਹਮ ਨੇ ਕਿਹਾ ਕਿ ਜਿਸ ਤਰ੍ਹਾਂ ਭੀਖ ਜ਼ਰੀਏ ਸਾਨੂੰ ਫੰਡ ਮਿਲੇ ਹਨ ਅਤੇ ਜਿਹੜੀਆਂ ਸ਼ਰਤਾਂ 'ਤੇ ਮਿਲੇ ਹਨ ਉਸ ਦੇ ਬਾਰੇ ਵਿਚ ਸੰਸਦ ਵਿਚ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਨਵਾਜ਼ ਸ਼ਰੀਫ ਨੇ ਅਜਿਹਾ ਕੀਤਾ ਹੁੰਦਾ ਤਾਂ ਅਤੇ ਸੰਸਦ ਵਿਚ ਇਸ 'ਤੇ ਚਰਚਾ ਨਾ ਕੀਤੀ ਹੁੰਦੀ ਤਾਂ ਹਾਲਾਤ ਕੁਝ ਹੋਰ ਹੀ ਹੋਣੇ ਸਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੀਤੇ ਬੁਧਵਾਰ ਨੂੰ ਇਕ ਜਨਤਕ ਸੰਬੋਧਨ ਵਿਚ ਨਕਦੀ ਦੀ ਕਮੀ ਨਾਲ ਜੂਝ ਰਹੇ ਪਾਕਿਸਤਾਨ ਨੂੰ ਵਿੱਤੀ ਮਦਦ ਮੁਹੱਈਆ ਕਰਾਉਣ ਲਈ ਸਾਊਦੀ ਅਰਬ ਦਾ ਸ਼ੁਕਰੀਆ ਅਦਾ ਕੀਤਾ ਸੀ। (ਪੀਟੀਆਈ)