
ਪਾਕਿਸਤਾਨ ਵਿਚ ਅਤਿਵਾਦੀ ਘਟਨਾਵਾਂ ਨਾਲ ਜਾਨ ਜਾਣ ਦਾ ਖ਼ਤਰਾ ਦੁਨੀਆਂ ਭਰ ਵਿਚ ਸਭ ਤੋਂ ਵਧੇਰੇ ਹੈ........
ਲੰਦਨ : ਪਾਕਿਸਤਾਨ ਵਿਚ ਅਤਿਵਾਦੀ ਘਟਨਾਵਾਂ ਨਾਲ ਜਾਨ ਜਾਣ ਦਾ ਖ਼ਤਰਾ ਦੁਨੀਆਂ ਭਰ ਵਿਚ ਸਭ ਤੋਂ ਵਧੇਰੇ ਹੈ। ਸੀਰੀਆ ਜਿਹੇ ਮੁਲਕਾਂ ਵਿਚ, ਜਿੱਥੇ ਲੋਕ ਦਹਿਸ਼ਤ ਵਿਚ ਜਿਊਂਦੇ ਹਨ, ਉਸ ਤੋਂ ਵੀ ਤਿੰਨ ਗੁਣਾ ਜ਼ਿਆਦਾ ਅਤਿਵਾਦ ਦਾ ਖ਼ਤਰਾ ਪਾਕਿਸਤਾਨ ਵਿਚ ਹੈ। ਇਹ ਖੁਲਾਸਾ ਹਾਲ ਹੀ ਵਿਚ ਜਾਰੀ ਕੀਤੀ ਇਕ ਰੀਪੋਰਟ ਵਿਚ ਕੀਤਾ ਗਿਆ ਹੈ। ਸੰਸਾਰ ਵਿਚ ਦਹਿਸ਼ਤ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਹਿੱਤ ਨੀਤੀ ਤਿਆਰ ਕਰਨ ਲਈ ਗਲੋਬਲ ਟੈਰਰ ਥਰੈਟ ਇੰਡੈਕਸ (ਜੀਟੀਟੀਆਈ) ਦੇ ਨਾਂ ਦੀ 80 ਪੰਨਿਆਂ ਦੀ ਰੀਪੋਰਟ ਪ੍ਰਕਾਸ਼ਤ ਕੀਤੀ ਗਈ ਹੈ।
ਇਸ ਰੀਪੋਰਟ ਨੂੰ ਔਕਸਫੋਰਡ ਯੂਨੀਵਰਸਿਟੀ ਤੇ ਸਟਰੈਟੇਜਿਕ ਫੋਰਸਾਈਟ ਗਰੁੱਪ ਵੱਲੋਂ ਸਾਂਝੇ ਤੌਰ 'ਤੇ ਤਿਆਰ ਕੀਤਾ ਗਿਆ ਹੈ। ਜੀਟੀਟੀਆਈ ਦੀ ਰੀਪੋਰਟ ਵਿਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਅਤਿਵਾਦ ਦੇ ਵਧਣ, ਵਿਨਾਸ਼ਕਾਰੀ ਹਥਿਆਰਾਂ ਦੀ ਦੁਰਵਰਤੋਂ ਤੇ ਆਰਥਿਕ ਤਰੱਕੀ ਦੀ ਅਸਥਿਰਤਾ ਵਰਗੀਆਂ ਸਾਰੀਆਂ ਸਮੱਸਿਆਵਾਂ ਨਾਲ 2030 ਤਕ ਮਨੁੱਖਤਾ ਦਾ ਵਿਕਾਸ ਰੁਕ ਸਕਦਾ ਹੈ ਤੇ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਅਤਿਵਾਦ ਹੈ। ਜਾਰੀ ਕੀਤੀ ਇਸ ਰੀਪੋਰਟ ਵਿਚ, ਅਫ਼ਗਾਨ ਤਾਲਿਬਾਨ ਤੇ ਲਸ਼ਕਰ-ਏ-ਤੋਇਬਾ ਨੂੰ ਅੰਤਰਰਾਸ਼ਟਰੀ ਸੁਰੱਖਿਆ ਲਈ ਸਭ ਤੋਂ ਖਤਰਨਾਕ ਮੰਨਿਆ ਗਿਆ ਹੈ।
ਰੀਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਚ ਸਭਤੋਂ ਵੱਧ ਅਤਿਵਾਦੀਆਂ ਦੇ ਟਿਕਾਣੇ ਤੇ ਸੁਰੱਖਿਅਤ ਘਰ ਮੌਜੂਦ ਹਨ। ਦੁਨੀਆ ਦੇ ਸਭ ਤੋਂ ਵੱਧ ਖ਼ਤਰਨਾਕ ਅਤਿਵਾਦੀ ਸਮੂਹਾਂ ਦੇ ਪਾਕਿਸਤਾਨ ਵਿਚ ਹੋਣ ਬਾਰੇ ਗੱਲ ਕੀਤੀ ਗਈ ਹੈ। ਅਫ਼ਗਾਨਿਸਤਾਨ ਤੋਂ ਕੰਮ ਕਰਨ ਵਾਲੇ ਬਹੁਤ ਸਾਰੇ ਅਤਿਵਾਦੀ ਗਰੁੱਪ ਪਾਕਿਸਤਾਨ ਦੇ ਸਮਰਥਨ ਨਾਲ ਚੱਲਦੇ ਹਨ। ਸੰਸਾਰ ਵਿਚ 200 ਤੋਂ ਵੱਧ ਸਰਗਰਮ ਅਤਿਵਾਦ ਸਮੂਹ ਹਨ। ਇਨ੍ਹਾਂ ਸਮੂਹਾਂ ਨੇ 21ਵੀਂ ਸਦੀ ਦੇ ਲਗਪਗ ਅੱਧੇ ਦਹਾਕੇ ਵਿਚ ਦੁਨੀਆ ਦੇ ਤਕਰੀਬਨ ਅੱਧੇ ਹਿੱਸੇ ਵਿਚ ਅਤਿਵਾਦ ਫੈਲਾਇਆ ਹੈ। (ਪੀਟੀਆਈ)