
ਅਮਰੀਕੀ ਅਧਿਕਾਰੀ ਨੇ ਕਿਹਾ- IMF ਦੀਆਂ ਸ਼ਰਤਾਂ ਸਖ਼ਤ ਹਨ ਪਰ ਸਵੀਕਾਰ ਕਰੋ
ਵਾਸ਼ਿੰਗਟਨ : ਪਾਕਿਸਤਾਨ ਨੇ ਅਮਰੀਕਾ ਤੋਂ ਉਨ੍ਹਾਂ ਦੀ ਫੌਜੀ ਫੰਡਿੰਗ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਜਿਸ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਬੰਦ ਕਰ ਦਿੱਤਾ ਸੀ। ਵੀਰਵਾਰ ਨੂੰ ਵਾਸ਼ਿੰਗਟਨ 'ਚ ਕਰਵਾਏ ਗਏ ਇਕ ਸੈਮੀਨਾਰ 'ਚ ਪਾਕਿਸਤਾਨੀ ਡਿਪਲੋਮੈਟ ਮਸੂਦ ਖਾਨ ਨੇ ਇਹ ਮੰਗ ਕੀਤੀ।
ਉਨ੍ਹਾਂ ਕਿਹਾ, 'ਇਹ ਜ਼ਰੂਰੀ ਹੈ ਕਿ ਅਮਰੀਕਾ ਪਾਕਿਸਤਾਨ ਨੂੰ ਆਪਣੀ ਫ਼ੌਜੀ ਫੰਡਿੰਗ ਅਤੇ ਹਥਿਆਰਾਂ ਦੀ ਵਿਕਰੀ ਮੁੜ ਸ਼ੁਰੂ ਕਰੇ।' ਇਸ ਦੇ ਜਵਾਬ 'ਚ ਸੈਮੀਨਾਰ 'ਚ ਮੌਜੂਦ ਅਮਰੀਕੀ ਅਧਿਕਾਰੀ ਐਲਿਜ਼ਾਬੇਥ ਹੋਰਸਟ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਆਪਣੇ ਆਰਥਿਕ ਸੰਕਟ 'ਤੇ ਕਾਬੂ ਪਾਉਣ ਲਈ ਆਈਐਮਐਫ ਨਾਲ ਮਿਲ ਕੇ ਕੰਮ ਕਰੇ।
ਇਹ ਵੀ ਪੜ੍ਹੋ: ਜੰਗਲੀ ਤੋਤੇ ਫੜਨ ਦੇ ਦੋਸ਼ ਤਹਿਤ ਕਾਬੂ ਕੀਤੇ ਮੁਲਜ਼ਮ ਨਿਕਲੇ HIV ਪਾਜ਼ਿਟਿਵ
ਮਿਲਟਰੀ ਫੰਡਿੰਗ ਮੁੜ ਸ਼ੁਰੂ ਕਰਨ ਦੀ ਮੰਗ 'ਤੇ ਅਮਰੀਕਾ ਨੇ ਪਾਕਿਸਤਾਨ ਨੂੰ IMF ਦੀਆਂ ਸਖ਼ਤ ਸ਼ਰਤਾਂ ਮੰਨਣ ਲਈ ਕਿਹਾ ਹੈ। ਐਲਿਜ਼ਾਬੈਥ ਨੇ ਕਿਹਾ, 'ਕਰਜ਼ੇ ਦੇ ਬਦਲੇ, ਆਈਐਮਐਫ ਪਾਕਿਸਤਾਨ ਦੀ ਅਰਥਵਿਵਸਥਾ ਵਿੱਚ ਜੋ ਬਦਲਾਅ ਕਰਨਾ ਚਾਹੁੰਦਾ ਹੈ, ਉਹ ਬਹੁਤ ਮੁਸ਼ਕਲ ਹਨ। ਹਾਲਾਂਕਿ, ਦੇਸ਼ ਨੂੰ ਲੀਹ 'ਤੇ ਲਿਆਉਣ ਅਤੇ ਹੋਰ ਕਰਜ਼ੇ ਤੋਂ ਬਚਣ ਲਈ ਇਹ ਜ਼ਰੂਰੀ ਹੈ।
ਇਸ ਦੇ ਨਾਲ ਹੀ ਇਸ ਸੈਮੀਨਾਰ ਦੌਰਾਨ ਪਾਕਿਸਤਾਨ ਦੇ ਰੂਸ ਤੋਂ ਤੇਲ ਖਰੀਦਣ ਦੇ ਫ਼ੈਸਲੇ 'ਤੇ ਸਵਾਲ ਚੁੱਕੇ ਗਏ। ਇਸ ਦੇ ਜਵਾਬ 'ਚ ਰਾਜਦੂਤ ਖਾਨ ਨੇ ਕਿਹਾ ਕਿ ਰੂਸ ਤੋਂ ਤੇਲ ਖਰੀਦਣ ਦਾ ਫ਼ੈਸਲਾ ਅਮਰੀਕਾ ਨਾਲ ਗੱਲਬਾਤ ਤੋਂ ਬਾਅਦ ਹੀ ਲਿਆ ਗਿਆ ਹੈ। ਰਿਪੋਰਟਾਂ ਮੁਤਾਬਕ ਅਫ਼ਗ਼ਾਨਿਸਤਾਨ ਤੋਂ ਆਪਣੀਆਂ ਫ਼ੌਜਾਂ ਦੀ ਵਾਪਸੀ ਅਤੇ ਚੀਨ ਨਾਲ ਨੇੜਤਾ ਵਧਣ ਤੋਂ ਬਾਅਦ ਅਮਰੀਕਾ ਅਤੇ ਪਾਕਿਸਤਾਨ ਦੇ ਰਿਸ਼ਤੇ ਉਤਰਾਅ-ਚੜ੍ਹਾਅ ਦੇ ਦੌਰ 'ਚੋਂ ਲੰਘ ਰਹੇ ਹਨ।
2018 'ਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਦਿੱਤੀ ਗਈ 30 ਕਰੋੜ ਡਾਲਰ ਯਾਨੀ 24 ਹਜ਼ਾਰ ਕਰੋੜ ਦੀ ਫ਼ੌਜੀ ਫੰਡਿੰਗ ਰੱਦ ਕਰ ਦਿੱਤੀ ਸੀ। ਟਰੰਪ ਨੇ ਦੋਸ਼ ਲਗਾਇਆ ਸੀ ਕਿ ਪਾਕਿਸਤਾਨ ਅਫ਼ਗ਼ਾਨ ਸਰਹੱਦ ਤੋਂ ਅੱਤਵਾਦੀਆਂ ਨੂੰ ਖਤਮ ਕਰਨ ਲਈ ਢੁਕਵੇਂ ਕਦਮ ਨਹੀਂ ਚੁੱਕ ਰਿਹਾ ਹੈ। ਇਸ ਦੇ ਨਾਲ ਹੀ ਟਰੰਪ ਪ੍ਰਸ਼ਾਸਨ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਖਤਮ ਕਰਨ ਦੀ ਬਜਾਏ ਉਨ੍ਹਾਂ ਨੂੰ ਪਨਾਹ ਦੇ ਰਿਹਾ ਹੈ।