
ਹਿੰਦੂ ਭਾਈਚਾਰੇ 'ਚ ਗੁੱਸੇ ਦੀ ਲਹਿਰ, ਕਾਰਵਾਈ ਦੀ ਕੀਤੀ ਜਾ ਰਹੀ ਮੰਗ
ਕੀਵ: ਪਾਕਿਸਤਾਨ ਨੂੰ ਹਥਿਆਰ ਦੇਣ ਵਾਲੇ ਯੂਕਰੇਨ ਨੇ ਹੁਣ ਅਜਿਹਾ ਕਾਰਾ ਕੀਤਾ ਹੈ, ਜਿਸ ਤੋਂ ਬਾਅਦ ਭਾਰਤੀਆਂ ਦਾ ਪਾਰਾ ਸੱਤਵੇਂ ਅਸਮਾਨ 'ਤੇ ਹੈ। ਯੂਕਰੇਨ ਦੇ ਰੱਖਿਆ ਮੰਤਰਾਲੇ ਵੱਲੋਂ ਇੱਕ ਇਤਰਾਜ਼ਯੋਗ ਤਸਵੀਰ ਟਵੀਟ ਕੀਤੀ ਗਈ ਹੈ, ਜਿਸ ਨੇ ਭਾਰਤੀਆਂ ਖਾਸ ਕਰ ਕੇ ਹਿੰਦੂ ਭਾਈਚਾਰੇ ਨੂੰ ਨਾਰਾਜ਼ ਕੀਤਾ ਹੈ। ਰੱਖਿਆ ਮੰਤਰਾਲੇ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਹਿੰਦੂਆਂ ਵਿੱਚ ਸਤਿਕਾਰੀ ਜਾਂਦੀ ਕਾਲੀ ਮਾਤਾ ਦੀ ਇੱਕ ਇਤਰਾਜ਼ਯੋਗ ਫੋਟੋ ਸਾਂਝੀ ਕੀਤੀ ਗਈ ਹੈ। ਭਾਰਤ ਦੇ ਟਵਿੱਟਰ ਉਪਭੋਗਤਾ ਇਸ ਨੂੰ ਅਪਮਾਨਜਨਕ ਅਤੇ 'ਹਿੰਦੂਫੋਬਿਕ' ਕਹਿ ਰਹੇ ਹਨ। ਇਸ ਦੇ ਨਾਲ ਹੀ ਉਹ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੋਂ ਇਸ 'ਤੇ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ।
ਅਧਿਕਾਰਤ ਟਵਿੱਟਰ ਹੈਂਡਲ @DefenceU ਦੁਆਰਾ 30 ਅਪ੍ਰੈਲ ਨੂੰ ਟਵੀਟ ਕੀਤਾ ਗਿਆ ਹੈ, ਜਿਸ ਨੂੰ ਕੈਪਸ਼ਨ 'ਵਰਕ ਆਫ਼ ਆਰਟ' ਨਾਲ ਸਾਂਝਾ ਕੀਤਾ ਗਿਆ ਹੈ। ਇਸ ਤਸਵੀਰ ਵਿੱਚ ਕਾਲੀ ਮਾਤਾ ਨੂੰ ਹਾਲੀਵੁੱਡ ਅਦਾਕਾਰਾ ਮਰਲਿਨ ਮੁਨਰੋ ਵਾਂਗ ਦਿਖਾਇਆ ਗਿਆ ਹੈ। ਧਮਾਕੇ ਤੋਂ ਨਿਕਲਦੇ ਧੂੰਏਂ 'ਚ ਮਾਰਲਿਨ ਮੋਨਰੋ ਵਰਗੇ ਚਿਹਰੇ ਵਾਲੀ ਕਾਲੀ ਮਾਤਾ ਦਾ ਚਿਹਰਾ ਨਜ਼ਰ ਆ ਰਿਹਾ ਹੈ। ਉਸ ਦੀ ਜੀਭ ਬਾਹਰ ਹੈ ਅਤੇ ਉਸ ਦੇ ਗਲੇ ਵਿੱਚ ਖੋਪੜੀਆਂ ਦੀ ਮਾਲਾ ਹੈ। ਇਸ ਤਸਵੀਰ ਨੇ ਹਿੰਦੂ ਭਾਈਚਾਰੇ ਵਿਚ ਕਾਫੀ ਗੁੱਸਾ ਪੈਦਾ ਕੀਤਾ ਹੈ। ਉਹ ਕਹਿ ਰਹੇ ਹਨ ਕਿ ਇਹੀ ਕਾਰਨ ਹੈ ਕਿ ਯੂਕਰੇਨ ਨੂੰ ਭਾਰਤ ਤੋਂ ਕਿਸੇ ਤਰ੍ਹਾਂ ਦਾ ਸਮਰਥਨ ਨਹੀਂ ਮਿਲ ਰਿਹਾ ਹੈ।
ਇਕ ਯੂਜ਼ਰ ਨੇ ਲਿਖਿਆ, 'ਮੈਂ ਯੁਕਰੇਨ ਦੇ ਰੱਖਿਆ ਮੰਤਰਾਲੇ ਵੱਲੋਂ ਹਿੰਦੂਆਂ 'ਚ ਬਹੁਤ ਸਤਿਕਾਰਯੋਗ ਕਾਲੀ ਮਾਤਾ ਦਾ ਇਸ ਤਰ੍ਹਾਂ ਮਜ਼ਾਕ ਉਡਾਉਣ ਤੋਂ ਬਹੁਤ ਦੁਖੀ ਹਾਂ। ਇਹ ਅਸੰਵੇਦਨਸ਼ੀਲਤਾ ਅਤੇ ਅਗਿਆਨਤਾ ਦਾ ਸਪੱਸ਼ਟ ਪ੍ਰਦਰਸ਼ਨ ਹੈ। ਮੈਂ ਉਸ ਨੂੰ ਇਤਰਾਜ਼ਯੋਗ ਸਮੱਗਰੀ ਹਟਾਉਣ ਅਤੇ ਮੁਆਫੀ ਮੰਗਣ ਦੀ ਮੰਗ ਕਰਦਾ ਹਾਂ। ਸਾਰੇ ਧਰਮਾਂ ਅਤੇ ਮਾਨਤਾਵਾਂ ਦਾ ਸਤਿਕਾਰ ਸਰਵਉੱਚ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, 'ਇਸ ਤਰ੍ਹਾਂ ਦੇ ਕਾਰਟੂਨ ਬਣਾਉਣ ਅਤੇ ਸਾਡੇ ਵਿਸ਼ਵਾਸ ਦਾ ਅਪਮਾਨ ਕਰਨ ਲਈ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ! ਬਹੁਤ ਹੀ ਘਟੀਆ ਕੋਸ਼ਿਸ਼।