
ਕਿਹਾ, ਭ੍ਰਿਸ਼ਟਾਚਾਰ ਵਿਰੋਧੀ ਉਪਾਵਾਂ ਅਤੇ ਸਿਆਸੀ ਸੁਧਾਰਾਂ ’ਤੇ ਧਿਆਨ ਕੇਂਦਰਿਤ ਕਰਾਂਗਾ
ਟੋਕੀਓ: ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ ਐਤਵਾਰ ਨੂੰ ਹੋਈਆਂ ਜ਼ਿਮਨੀ ਚੋਣਾਂ ’ਚ ਉਨ੍ਹਾਂ ਦੀ ਸੱਤਾਧਾਰੀ ਪਾਰਟੀ ਦੀ ਵੱਡੀ ਹਾਰ ਦਾ ਕਾਰਨ ਸਿਆਸੀ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਅਤੇ ਉਹ ਇਸ ਦੀ ਜ਼ਿੰਮੇਵਾਰ ਲੈਣ ਲਈ ਨਾ ਤਾਂ ਅਸਤੀਫਾ ਦੇਣਗੇ ਅਤੇ ਨਾ ਹੀ ਜ਼ਿੰਮੇਵਾਰੀ ਲੈਣ ਲਈ ਪਾਰਟੀ ਅਧਿਕਾਰੀਆਂ ਨੂੰ ਬਦਲਣਗੇ।
ਕਿਸ਼ੀਦਾ ਨੇ ਕਿਹਾ ਕਿ ਉਹ ਇਸ ਦੀ ਬਜਾਏ ਭ੍ਰਿਸ਼ਟਾਚਾਰ ਵਿਰੋਧੀ ਉਪਾਵਾਂ ਅਤੇ ਸਿਆਸੀ ਸੁਧਾਰਾਂ ’ਤੇ ਧਿਆਨ ਕੇਂਦਰਿਤ ਕਰਨਗੇ। ਉਨ੍ਹਾਂ ਕਿਹਾ, ‘‘ਮੈਂ ਇਨ੍ਹਾਂ ਨਤੀਜਿਆਂ ਨੂੰ ਗੰਭੀਰਤਾ ਨਾਲ ਲੈਂਦਾ ਹਾਂ ਅਤੇ ਮੇਰਾ ਮੰਨਣਾ ਹੈ ਕਿ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਸਾਨੂੰ ਚੁਨੌਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਨਤੀਜੇ ਹਾਸਲ ਕਰਨੇ ਚਾਹੀਦੇ ਹਨ ਅਤੇ ਇਸ ਲਈ ਮੈਂ ਜ਼ਿੰਮੇਵਾਰੀ ਲਵਾਂਗਾ।’’ ਕਿਸ਼ੀਦਾ ਨੇ ਕਿਹਾ, ‘‘ਮੈਂ ਅਜਿਹਾ ਕਰ ਕੇ ਲੋਕਾਂ ਦਾ ਭਰੋਸਾ ਮੁੜ ਹਾਸਲ ਕਰਾਂਗੀ।’’
ਉਨ੍ਹਾਂ ਕਿਹਾ ਕਿ ਸਿਆਸੀ ਭ੍ਰਿਸ਼ਟਾਚਾਰ ਦੇ ਮਾਮਲੇ ਨੇ ਪਾਰਟੀ ਲਈ ਵੱਡੀ ਅਤੇ ਭਾਰੀ ਰੁਕਾਵਟ ਪੈਦਾ ਕਰ ਦਿਤੀ ਹੈ। ਇਹ ਘਪਲਾ ਕਿਸ਼ੀਦਾ ਦੀ ਲਿਬਰਲ ਡੈਮੋਕ੍ਰੇਟਿਕ ਪਾਰਟੀ (ਐਲ.ਡੀ.ਪੀ.) ਦੇ ਦਰਜਨਾਂ ਸੰਸਦ ਮੈਂਬਰਾਂ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨੇ ਕਥਿਤ ਤੌਰ ’ਤੇ ਲੇਖਾ-ਜੋਖਾ ਰੀਪੋਰਟਾਂ ਨੂੰ ਝੂਠਾ ਬਣਾ ਕੇ ਮੁਨਾਫ਼ਾ ਕਮਾਇਆ।
ਇਹ ਪੁੱਛੇ ਜਾਣ ’ਤੇ ਕਿ ਕੀ ਉਹ ਚੋਣਾਂ ’ਚ ਹਾਰ ਦੀ ਜ਼ਿੰਮੇਵਾਰੀ ਲੈਣਗੇ, ਕਿਸ਼ੀਦਾ ਨੇ ਕਿਹਾ ਕਿ ਉਹ ਅਸਤੀਫਾ ਨਹੀਂ ਦੇਣਗੇ ਅਤੇ ਨਾ ਹੀ ਐਲ.ਡੀ.ਪੀ. ਦੇ ਚੋਟੀ ਦੇ ਅਹੁਦਿਆਂ ’ਤੇ ਨੇਤਾ ਬਦਲਣਗੇ। ਉਨ੍ਹਾਂ ਨੇ ਸਿਆਸੀ ਵਿੱਤ ਐਕਟ ’ਚ ਸੋਧਾਂ ਸਮੇਤ ਸੰਗਠਨਾਤਮਕ ਅਤੇ ਸਿਆਸੀ ਸੁਧਾਰਾਂ ਨੂੰ ਜਾਰੀ ਰੱਖਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਆਰਥਕ ਮੁੱਦਿਆਂ ਨਾਲ ਨਜਿੱਠਣ ਦਾ ਵੀ ਸੰਕਲਪ ਲਿਆ।
ਕਿਸ਼ੀਦਾ ਦੀ ਅਗਵਾਈ ਵਾਲੀ ਐਲ.ਡੀ.ਪੀ. ਐਤਵਾਰ ਨੂੰ ਨਾਗਾਸਾਕੀ, ਸ਼ਿਮਾਨੇ ਅਤੇ ਟੋਕੀਓ ’ਚ ਸੰਸਦੀ ਉਪ ਚੋਣਾਂ ਹਾਰ ਗਈ। ਜਾਪਾਨ ਦੀ ਮੁੱਖ ਵਿਰੋਧੀ ਪਾਰਟੀ ਲਸਕੋ ਕੰਸਟੀਚਿਊਸ਼ਨਲ ਡੈਮੋਕ੍ਰੇਟਿਕ ਪਾਰਟੀ ਨੇ ਸਾਰੀਆਂ ਤਿੰਨ ਸੀਟਾਂ ਜਿੱਤੀਆਂ ਜੋ ਪਹਿਲਾਂ ਐਲ.ਡੀ.ਪੀ. ਕੋਲ ਸਨ।
ਐਲ.ਡੀ.ਪੀ. ਲਈ ਨਿਰਾਸ਼ਾਜਨਕ ਚੋਣ ਨਤੀਜਿਆਂ ਨੂੰ ਵੋਟਰਾਂ ਵਲੋਂ ਪਿਛਲੇ ਸਾਲ ਸਾਹਮਣੇ ਆਏ ਭ੍ਰਿਸ਼ਟਾਚਾਰ ਨਾਲ ਕਥਿਤ ਸਬੰਧਾਂ ਲਈ ਦਿਤੀ ਗਈ ਸਜ਼ਾ ਵਜੋਂ ਵੇਖਿਆ ਜਾ ਰਿਹਾ ਹੈ। ਹਾਲਾਂਕਿ, ਕਿਸ਼ੀਦਾ ਦੀ ਪਾਰਟੀ ਦੇ ਸੱਤਾ ਤੋਂ ਹਟਣ ਦੀ ਸੰਭਾਵਨਾ ਨਹੀਂ ਹੈ। ਐਤਵਾਰ ਦੀ ਚੋਣ ਹਾਰ ਨੂੰ ਕਿਸ਼ੀਦਾ ਲਈ ਝਟਕੇ ਵਜੋਂ ਵੇਖਿਆ ਜਾ ਰਿਹਾ ਹੈ।