
ਪੀ.ਐਸ.ਐਕਸ. 3545 ਅੰਕ ਤੋਂ ਵੱਧ ਡਿੱਗ ਗਿਆ ਅਤੇ 111,326.57 ’ਤੇ ਬੰਦ ਹੋਇਆ।
ਕਰਾਚੀ : ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਨਾਲ ਵਧੇ ਤਣਾਅ ਕਾਰਨ ਪਾਕਿਸਤਾਨ ਸਟਾਕ ਐਕਸਚੇਂਜ (ਪੀ.ਐਸ.ਐਕਸ.) ’ਚ ਬੁਧਵਾਰ ਨੂੰ ਭਾਰੀਤ ਗਿਰਾਵਟ ਵੇਖੀ ਗਈ।
ਭਾਰਤ ਵਲੋਂ ਪਾਕਿਸਤਾਨ ਵਿਰੁਧ ਫੌਜੀ ਹਮਲੇ ਕਰਨ ਦੀਆਂ ਕਿਆਸਅਰਾਈਆਂ ਨੂੰ ਲੈ ਕੇ ਅਨਿਸ਼ਚਿਤਤਾ ਦੇ ਵਿਚਕਾਰ ਪੀ.ਐਸ.ਐਕਸ. 3545 ਅੰਕ ਤੋਂ ਵੱਧ ਡਿੱਗ ਗਿਆ ਅਤੇ 111,326.57 ’ਤੇ ਬੰਦ ਹੋਇਆ। ਮੰਗਲਵਾਰ ਸ਼ਾਮ ਨੂੰ ਸੂਚਨਾ ਮੰਤਰੀ ਅਤਾਉੱਲਾ ਤਰੜ ਨੇ ਇਹ ਦਾਅਵਾ ਕਰ ਕੇ ਅਨਿਸ਼ਚਿਤਤਾ ਨੂੰ ਹੋਰ ਵਧਾ ਦਿਤਾ ਕਿ ਪਾਕਿਸਤਾਨ ਕੋਲ ਭਰੋਸੇਯੋਗ ਖੁਫੀਆ ਜਾਣਕਾਰੀ ਹੈ ਕਿ ਭਾਰਤ ਅਗਲੇ 24-36 ਘੰਟਿਆਂ ’ਚ ਉਸ ਦੇ ਵਿਰੁਧ ਫੌਜੀ ਕਾਰਵਾਈ ਕਰਨ ਦਾ ਇਰਾਦਾ ਰੱਖਦਾ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਟੀ ਦੇ ਰੱਖਿਆ ਅਧਿਕਾਰੀਆਂ ਨਾਲ ਬੈਠਕ ’ਚ ਉਨ੍ਹਾਂ ਨੂੰ ਪਹਿਲਗਾਮ ਅਤਿਵਾਦੀ ਹਮਲੇ ’ਤੇ ਭਾਰਤ ਦੀ ਪ੍ਰਤੀਕਿਰਿਆ ਦੇ ਤਰੀਕੇ ਅਤੇ ਸਮੇਂ ਬਾਰੇ ਫੈਸਲਾ ਕਰਨ ਦੀ ਪੂਰੀ ਆਜ਼ਾਦੀ ਦਿਤੀ ਸੀ।
ਚੇਜ਼ ਸਕਿਓਰਿਟੀਜ਼ ਦੇ ਖੋਜ ਨਿਰਦੇਸ਼ਕ ਯੂਸਫ ਐਮ. ਫਾਰੂਕ ਨੇ ਕਿਹਾ ਕਿ ਇਹ ਗਿਰਾਵਟ ਅਗਲੇ ਕੁੱਝ ਦਿਨਾਂ ’ਚ ਸੰਭਾਵਤ ਹਮਲੇ ਦੀਆਂ ਖ਼ਬਰਾਂ ਕਾਰਨ ਆਈ ਹੈ। ਏਕੇਡੀ ਸਕਿਓਰਿਟੀਜ਼ ਦੀ ਫਾਤਿਮਾ ਬੁਚਾ ਨੇ ਕਿਹਾ ਕਿ ਸੂਚਨਾ ਮੰਤਰੀ ਦੀ ਪ੍ਰੈਸ ਬ੍ਰੀਫਿੰਗ ਤੋਂ ਬਾਅਦ ਨਿਵੇਸ਼ਕਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਬਾਜ਼ਾਰ ਦਬਾਅ ’ਚ ਹੈ।
ਆਲ ਕਰਾਚੀ ਤਾਜਿਰ ਇਤਹਾਦ ਐਸੋਸੀਏਸ਼ਨ ਦੇ ਪ੍ਰਧਾਨ ਅਤੀਕ ਮੀਰ ਨੇ ਕਿਹਾ ਕਿ ਭਾਰਤ ਨਾਲ ਕੂਟਨੀਤਕ ਅਤੇ ਫੌਜੀ ਤਣਾਅ ਵਧਣ ਕਾਰਨ ਸਾਰੇ ਕਾਰੋਬਾਰੀ ਖੇਤਰਾਂ ਵਿਚ ਅਨਿਸ਼ਚਿਤਤਾ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰਾਂ ਅਤੇ ਦੁਕਾਨਾਂ ’ਚ ਇਸ ਹਫਤੇ ਆਮ ਵਾਂਗ ਕਾਰੋਬਾਰ ਨਹੀਂ ਕਰ ਰਹੇ ਹਨ ਕਿਉਂਕਿ ਹਰ ਕੋਈ ਇਸ ਗੱਲ ਨੂੰ ਲੈ ਕੇ ਜ਼ਿਆਦਾ ਚਿੰਤਤ ਹੈ ਕਿ ਹੁਣ ਕੀ ਹੋਵੇਗਾ।