
ਅਮਰੀਕਾ : ਪੁਲਿਸ ਹਿਰਾਸਤ ’ਚ ਗ਼ੈਰ ਗੋਰੇ ਵਿਅਕਤੀ ਦੀ ਮੌਤ ਦੇ ਬਾਅਦ ਭੜਕੇ ਦੰਗੇ
ਮਿਨੀਪੋਲਿਸ, 29 ਮਈ : ਅਮਰੀਕਾ ਵਿਚ ਪੁਲਿਸ ਹਿਰਾਸਤ ’ਚ ਇਕ ਗ਼ੈਰ ਗੋਰੇ ਵਿਅਕਤੀ ਦੀ ਮੌਤ ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨ ਵੀਰਵਾਰ ਨੂੰ ਮਿਨੀਪੋਲਿਸ ਖੇਤਰ ਦੇ ਬਾਹਰ ਵੀ ਪਹੁੰਚ ਗਿਆ। ਪ੍ਰਦਰਸ਼ਨਕਾਰੀਆਂ ਨੇ ਸੇਂਟ ਪੌਲਜ਼ ਮਾਰਗ ’ਤੇ ਲੁੱਟ ਕੀਤੀ ਅਤੇ ਅੱਗ ਲਗਾ ਦਿਤੀ ਤੇ ਉਹ ਦੁਬਾਰਾ ਉਸ ਜਗ੍ਹਾ ’ਤੇ ਪਹੁੰਚ ਗਏ ਜਿਥੇ ਹਿੰਸਕ ਪ੍ਰਦਰਸ਼ਨਾਂ ਕਾਰਨ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ। ਪ੍ਰਦਰਸ਼ਨਕਾਰੀਆਂ ਨੇ ਮਿਨੀਪੋਲਿਸ ਦੇ ਇਕ ਪੁਲਿਸ ਸਟੇਸ਼ਨ ਨੂੰ ਵੀ ਅੱਗ ਲਗਾ ਦਿਤੀ ਜਿਸ ਨੂੰ ਪੁਲਿਸ ਵਿਭਾਗ ਨੇ ਹਿੰਸਕ ਪ੍ਰਦਰਸ਼ਨਾਂ ਕਾਰਨ ਖਾਲੀ ਕਰ ਦਿਤਾ ਸੀ।
ਇਕ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਪ੍ਰੀਸਿੰਕਟ ਥਾਣੇ ਨੂੰ ਵੀਰਵਾਰ ਰਾਤ 10 ਵਜੇ ਤੋਂ ਬਾਅਦ “ਅਪਣੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਖਾਲੀ ਕਰਵਾ ਲਿਆ ਗਿਆ ਸੀ।’’ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਥਿਤੀ ’ਤੇ ਟਿੱਪਣੀ ਕੀਤੀ ਕਿ ਮਿਨੀਪੋਲਿਸ ਵਿਚ “ਅਗਵਾਈ ਦੀ ਪੂਰੀ ਤਰ੍ਹਾਂ ਘਾਟ ਹੈ।’’ ਉਨ੍ਹਾਂ ਟਵੀਟ ਕੀਤਾ, “ਹੁਣੇ ਰਾਜਪਾਲ ਟਿਮ ਵਾਲਜ ਨਾਲ ਗੱਲਬਾਤ ਕੀਤੀ ਅਤੇ ਉਸਨੂੰ ਕਿਹਾ ਕਿ ਫ਼ੌਜ ਉਸਦੇ ਨਾਲ ਹੈ। ਜਦੋਂ ਲੁੱਟ-ਖਸੁੱਟ ਸ਼ੁਰੂ ਹੋਏ ਤਾਂ ਗੋਲੀਬਾਰੀ ਵੀ ਸ਼ੁਰੂ ਕਰ ਦਿਓ।’’”ਮਿਨੀਪੋਲੀਸ ’ਚ ਸੁਰੱਖਿਆ ਚਿੰਤਾਵਾਂ ਦੇ ਚੱਲਦੇ ਰੇਲ ਅਤੇ ਬੱਸ ਸੇਵਾਵਾਂ ਠੱਪ ਹੋ ਗਈ ਹੈ। ਅਮਰੀਕੀ ਟਾਰਗੇਟ ਕੰਪਨੀ ਨੇ ਅਪਦੇ ਦੋ ਦਰਜ਼ਨ ਸਟੋਰਾਂ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿਤਾ ਹੈ। (ਪੀਟੀਆਈ)
ਗੋਰੇ ਪੁਲਿਸ ਅਧਿਕਾਰੀ ਨੇ ਵਿਅਕਤੀ ਦੀ ਗਰਦਨ ’ਤੇ ਗੋਡਾ ਰੱਖ ਕੇ ਲਈ ਸੀ ਜਾਨ
ਜਾਰਜ ਫ਼ਲੋਏਡ ਨਾਂ ਦੇ ਹੱਥਕੜੀ ਲੱਗੇ ਇਕ ਗ਼ੈਰ ਗੋਰੇ ਵਿਅਕਤੀ ਦੀ ਗਰਦਨ ’ਤੇ ਗੋਰੇ ਪੁਲਿਸ ਅਧਿਕਾੀ ਵਲੋਂ ਗੋਡਾ ਰੱਖੇ ਜਾਣ ਦਾ ਵੀਡੀਉ ਵਾਇਰਸ ਹੋਣ ਦੇ ਬਾਅਦ ਲੋਕਾਂ ’ਚ ਭਾਰੀ ਰੋਸ਼ ਹੈ। ਵੀਡੀਉ ’ਚ ਦਿਖ ਰਿਹਾ ਹੈ ਕਿ ਅਧਿਕਾਰੀ ਅੱਠ ਮਿੰਟ ਤਕ ਅਪਣੇ ਗੋਡੇ ਨਾਲ ਵਿਅਕਤੀ ਦੀ ਗਰਦਨ ਦੱਬ ਕੇ ਰਖਦਾ ਹੈ। ਇਸ ਦੌਰਾਨ ਵਿਅਕਤੀ ਦਾ ਸਾਹ ਰੁੱਕ ਜਾਂਦਾ ਹੈ। ਬੀਤੇ ਸੋਮਵਾਰ ਨੂੰ ਹੋਈ ਘਟਨਾ ਦੇ ਵੀਡੀਉ ’ਚ ਦਿਖਾਈ ਦੇ ਰਿਹਾ ਹੈ ਕਿ ਪੁਲਿਸ ਅਧਿਕਾਰੀ ਡੇਰੇਕ ਚਾਉਵਿਨ ਅਪਣਾ ਗੋਡਾ ਨਹੀਂ ਹਨਾਉਂਦਾ। ਫਲੋਏਡ ਦੀ ਮੌਤ ਦੇ ਬਾਅਦ ਲਗਾਤਾਰ ਤੀਜੀ ਰਾਤ ਵੀ ਹਿੰਸਕ ਪ੍ਰਦਰਸ਼ਨ ਹੋਏ।