ਅਮਰ ਸਿੰਘ ਨੇ ਹੋਟਲ ਮੈਨੇਜਮੈਂਟ ਤੇ ਮੁਲਜ਼ਮਾਂ ਵਿਰੁਧ ਧਾਰਮਕ ਪ੍ਰਥਾਵਾਂ ਦਾ ਅਪਮਾਨ ਕਰਨ ਦੀ ਦਰਜ ਕਰਵਾਈ ਸ਼ਿਕਾਇਤ
ਕਰਾਚੀ : ਪਾਕਿਸਤਾਨ ਖ਼ਾਲਸਾ ਸਿੱਖ ਕੌਂਸਲ ਤੇ ਨੈਸ਼ਨਲ ਪੀਸ ਕਮੇਟੀ ਐਂਡ ਇੰਟਰਫੇਥ ਹਾਰਮਨੀ ਦੇ ਪ੍ਰਧਾਨ ਅਮਰ ਸਿੰਘ ਨੇ ਕਰਾਚੀ ਦੇ ਮੈਰੀਅਟ ਹੋਟਲ ਮੈਨੇਜਮੈਂਟ ਤੇ ਮੁਲਾਜ਼ਮਾਂ ਵਿਰੁਧ ਸਿੱਖਾਂ ਦੀ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਸ਼ਿਕਾਇਤ ਦਰਜ ਕਰਵਾਈ ਹੈ।
ਅਮਰ ਸਿੰਘ ਦਾ ਦਾਅਵਾ ਹੈ ਕਿ ਉਹਨਾਂ ਨੂੰ 25 ਮਈ ਨੂੰ ਮੈਰੀਅਟ ਹੋਟਲ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿਤੀ ਗਈ। ਜਿਥੇ ਉਹਨਾਂ ਨੂੰ ਸਰਵ ਧਰਮ ਇਕਸੁਰਤਾ ਤੇ ਇਕ ਅਹਿਮ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਸੀ ਕਿਉਂਕਿ ਉਹ ਕਿਰਪਾਨ ਲੈ ਕੇ ਚਲ ਰਹੇ ਸਨ। ਉਹਨਾਂ ਦੇ ਮੁਤਾਬਕ, ਸਿੱਖ ਧਰਮ ਵਿਚ ਕਿਰਪਾਨ ਦੇ ਮਹੱਤਵ ਬਾਰੇ ਵਾਰ-ਵਾਰ ਜਾਣਕਾਰੀ ਦੇਣ ਤੇ ਕਿਸੇ ਵੀ ਹਾਲਤ ਵਿਚ ਇਕ ਸਿੱਖ ਨੂੰ ਕਿਰਪਾਨ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ ਹੈ।
ਇਹ ਦੱਸਣ ਦੇ ਬਾਵਜੂਦ ਮੈਰੀਅਟ ਹੋਟਲ ਦੇ ਸੁਰੱਖਿਆ ਮੁਲਾਜ਼ਮਾਂ ਨੇ ਕਿਰਪਾਨ ਨੂੰ ਹਥਿਆਰ ਕਰਾਰ ਦਿਤਾ ਤੇ ਉਸ ਨੂੰ ਹੋਟਲ ਵਿਚ ਜਮ੍ਹਾ ਕਰਵਾਉਣ ਲਈ ਕਿਹਾ।
ਉਹਨਾਂ ਦਾ ਦਾਅਵਾ ਹੈ ਕਿ ਹਿੰਦੂ ਤੇ ਈਸਾਈ ਭਾਈਚਾਰਿਆਂ ਦੇ ਧਾਰਮਕ ਨੇਤਾਵਾਂ ਦੇ ਸਪਸ਼ਟੀਕਰਨ ਨੂੰ ਸੁਣਨ ਤੋਂ ਵੀ ਇਨਕਾਰ ਕਰ ਦਿਤਾ ਜੋ ਉਸੇ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਉਥੇ ਹਾਜ਼ਰ ਸਨ। ਉਹਨਾਂ ਦਾ ਕਹਿਣਾ ਹੈ ਕਿ ਹਿੰਦੂ ਤੇ ਈਸਾਈ ਧਰਮ ਗੁਰੂਆਂ ਨੇ ਉਹਨਾਂ ਦੇ ਨਾਲ ਇਕਜੁਟਤਾ ਦਿਖਾਈ ਤੇ ਮੀਟਿੰਗ ਵਿਚ ਭਾਗ ਨਹੀਂ ਲਿਆ।
ਅਮਰ ਸਿੰਘ ਨੇ ਆਪਣੇ ਵੀਡੀਓ ਬਿਆ ਵਿਚ ਪਾਕਿਸਤਾਨ ਤੇ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਸਿੱਖਾਂ ਦੇ ਕਕਾਰਾਂ ਵਿਰੁਧ ਉਹਨਾਂ ਦੀ ਲੜਾਈ ਵਿਚ ਹਮਾਇਤ ਦੇਣ। ਉਹਨਾਂ ਨੇ ਕਿਹਾ ਕਿ ਕਰਾਚੀ ਪ੍ਰੈੱਸ ਕਲੱਬ, ਸਿੰਧ ਦੇ ਗਵਰਨਰ ਤੇ ਸਿੰਧ ਦੇ ਮੁੱਖ ਮੰਤਰੀ ਨੂੰ ਇਸ ਲਿਖਤ ਸ਼ਿਕਾਇਤ ਦਰਜ ਕਰਨ ਤੋਂ ਇਲਾਵਾ ਉਹ ਪੀ.ਕੇ.ਐਸ.ਸੀ. ਰਾਹੀਂ ਇਸ ਮਾਮਲੇ ਨੂੰ ਵੱਡੇ ਪੱਧਰ ਤੱਕ ਲੈ ਜਾਣਗੇ। ਉਹਨਾਂ ਨੇ ਪਾਕਿਸਤਾਨ ਦੇ ਚੀਫ ਜਸਟਿਸ ਨੂੰ ਸਿੱਖ ਧਾਰਮਿਕ ਕਕਾਰਾਂ ਨੂੰ ਮਾਨਤਾ ਦੇਣ ਵਾਲਾ ਕਾਨੂੰਨ ਪਾਸ ਕਰਨ ਦੀ ਅਪੀਲ ਕੀਤੀ ਤਾਂ ਜੋ ਭਵਿੱਖ ਵਿਚ ਅਜਿਹੀ ਸਥਿਤੀ ਪੈਦਾ ਨਾ ਹੋਵੇ।