
ਫਰਾਰ ਕੈਦੀਆਂ ’ਚੋਂ ਕੁਝ ਅਤਿਵਾਦੀ ਗਤੀਵਿਧੀਆਂ ਦੇ ਸਬੰਧ ਵਿਚ ਜੇਲ੍ਹ ਵਿਚ ਬੰਦ ਸਨ
ਕਰਾਚੀ: ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਦੀ ਚਮਨ ਜੇਲ੍ਹ ਵਿਚੋਂ 17 ਕੈਦੀ ਬਕਰੀਦ ਦੀ ਨਮਾਜ਼ ਦੌਰਾਨ ਫਰਾਰ ਹੋ ਗਏ, ਜਦੋਂ ਕਿ ਜੇਲ੍ਹ ਦੇ ਗਾਰਡਾਂ ਵਲੋਂ ਗੋਲੀਬਾਰੀ ਵਿਚ ਇਕ ਕੈਦੀ ਦੀ ਮੌਤ ਹੋ ਗਈ।
ਬਲੋਚਿਸਤਾਨ ਦੇ ਜੇਲ੍ਹਾਂ ਦੇ ਇੰਸਪੈਕਟਰ ਜਨਰਲ ਮਲਿਕ ਸ਼ੁਜਾ ਕਾਸੀ ਨੇ ਕਿਹਾ ਕਿ ਹਿੰਸਾ ਅਤੇ ਗੋਲੀਬਾਰੀ ਵਿਚ ਕੁਝ ਪੁਲਿਸ ਗਾਰਡ ਅਤੇ ਕੈਦੀ ਜ਼ਖ਼ਮੀ ਵੀ ਹੋਏ ਹਨ।
ਕਾਸੀ ਨੇ ਦਸਿਆ ਕਿ ਇਹ ਘਟਨਾ ਵੀਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਜੇਲ੍ਹ ਦੇ ਅੰਦਰ ਖੁੱਲ੍ਹੀ ਥਾਂ ’ਤੇ ਬਕਰੀਦ ਦੀ ਨਮਾਜ਼ ਅਦਾ ਕੀਤੀ ਜਾ ਰਹੀ ਸੀ।
“ਇਨ੍ਹਾਂ ਕੈਦੀਆਂ ਨੇ ਜੇਲ੍ਹ ਤੋਂ ਭੱਜਣ ਦੀ ਯੋਜਨਾ ਬਣਾਈ ਸੀ ਅਤੇ ਇਸ ਨੂੰ ਬਕਰੀਦ ਦੀ ਨਮਾਜ਼ ਦੌਰਾਨ ਅੰਜਾਮ ਦਿਤਾ ਸੀ। ਜਦੋਂ ਉਨ੍ਹਾਂ ਨੂੰ ਬਕਰੀਦ ਦੀ ਨਮਾਜ਼ ਲਈ ਬੈਰਕ ਤੋਂ ਬਾਹਰ ਜਾਣ ਦਿਤਾ ਗਿਆ ਤਾਂ ਉਨ੍ਹਾਂ ਨੇ ਪੁਲਿਸ ਗਾਰਡ ’ਤੇ ਹਿੰਸਕ ਹਮਲਾ ਕਰ ਦਿਤਾ।
ਕਾਸੀ ਨੇ ਦਸਿਆ ਕਿ ਇਸੇ ਹੰਗਾਮੇ ਅਤੇ ਹਿੰਸਾ ਦੌਰਾਨ ਇਕ ਕੈਦੀ ਦੀ ਮੌਤ ਹੋ ਗਈ ਜਦੋਂ 17 ਹੋਰ ਜੇਲ੍ਹ ਗਾਰਡਾਂ ਵਲੋਂ ਗੋਲੀਬਾਰੀ ਕਰ ਕੇ ਭੱਜਣ ਵਿਚ ਕਾਮਯਾਬ ਹੋ ਗਏ।
ਉਨ੍ਹਾਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਉਨ੍ਹਾਂ ਨੂੰ ਜੇਲ੍ਹ ਤੋਂ ਸਫ਼ਲਤਾਪੂਰਵਕ ਭੱਜਣ ਵਿਚ ਬਾਹਰੋਂ ਮਦਦ ਮਿਲੀ ਸੀ।
ਕਾਸੀ ਨੇ ਕਿਹਾ ਕਿ ਫਰਾਰ ਹੋਏ ਕੈਦੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ ਅਤੇ ਉਨ੍ਹਾਂ ਵਿਚੋਂ ਕੁਝ ਅਤਿਵਾਦੀ ਗਤੀਵਿਧੀਆਂ ਦੇ ਸਬੰਧ ਵਿਚ ਜੇਲ੍ਹ ਵਿਚ ਬੰਦ ਸਨ।
ਜ਼ਿਕਰਯੋਗ ਹੈ ਕਿ ਚਮਨ ਜੇਲ੍ਹ ਇਰਾਨ ਦੀ ਸਰਹੱਦ ਦੇ ਨੇੜੇ ਸਥਿਤ ਹੈ ਅਤੇ ਸੁਰਖਿਆ ਬਲਾਂ ਨੂੰ ਡਰ ਹੈ ਕਿ ਕੈਦੀ ਅਪਣੇ ਸਾਥੀਆਂ ਦੀ ਮਦਦ ਨਾਲ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਗਏ ਹੋ ਸਕਦੇ ਹਨ।