
ਭਾਰੀ ਮੀਂਹ ਕਾਰਨ ਸੂਰਤ ਸ਼ਹਿਰ 'ਚ ਸੜਕਾਂ 'ਤੇ ਭਰਿਆ ਪਾਣੀ
Heavy Rain In Surat : ਦੇਸ਼ ਵਿੱਚ ਮਾਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ। ਅਜਿਹੇ 'ਚ ਕਈ ਸੂਬਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਜਿਸ ਕਾਰਨ ਸ਼ਹਿਰ ਦੀਆਂ ਸੜਕਾਂ 'ਤੇ ਪਾਣੀ ਭਰਨ ਦੀ ਸਥਿਤੀ ਪੈਦਾ ਹੋ ਗਈ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਾਣੀ ਨਾਲ ਭਰੀਆਂ ਸੜਕਾਂ ਤੋਂ ਵਾਹਨ ਲੰਘ ਰਹੇ ਹਨ, ਉਥੇ ਹੀ ਲੋਕ ਵੀ ਪਾਣੀ ਨਾਲ ਭਰੀਆਂ ਸੜਕਾਂ ਤੋਂ ਲੰਘ ਰਹੇ ਹਨ। ਸਫਾਈ ਕਰਮਚਾਰੀ ਵੀ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੀਂਹ ਕਾਰਨ ਸੂਰਤ ਸ਼ਹਿਰ ਦਾ ਜਨਜੀਵਨ ਪ੍ਰਭਾਵਿਤ ਹੋਇਆ ਹੈ। ਦੇਸ਼ ਦੇ ਕਈ ਸ਼ਹਿਰਾਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ।
ਸੂਰਤ 'ਚ ਸ਼ਨੀਵਾਰ ਅੱਧੀ ਰਾਤ ਤੋਂ ਐਤਵਾਰ ਦੁਪਹਿਰ ਤੱਕ ਮਾਨਸੂਨ ਦੀ ਭਾਰੀ ਬਾਰਿਸ਼ ਹੋਈ ਹੈ। ਕਰੀਬ 6 ਇੰਚ ਮੀਂਹ ਕਾਰਨ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ ਅਤੇ ਕਈ ਥਾਵਾਂ 'ਤੇ ਦਰੱਖਤ ਉੱਖੜ ਗਏ। ਵਰਾਛਾ ਦੀ ਫੁੱਲ ਮੰਡੀ ਨੇੜੇ ਰਿਕਸ਼ਾ 'ਤੇ ਵੱਡਾ ਦਰੱਖਤ ਡਿੱਗਣ ਕਾਰਨ ਰਿਕਸ਼ਾ ਚਾਲਕ ਦੀ ਮੌਤ ਹੋ ਗਈ। ਸੂਰਤ ਨਗਰ ਨਿਗਮ ਦੇ ਕਮਿਊਨਿਟੀ ਹਾਲ ਦਾ ਪੀਓਪੀ ਖਟੋਦਰਾ 'ਤੇ ਡਿੱਗਣ ਕਾਰਨ 5 ਲੋਕ ਜ਼ਖਮੀ ਹੋ ਗਏ।
ਦੱਖਣੀ ਗੁਜਰਾਤ ਦੇ ਸੂਰਤ 'ਚ ਮਾਨਸੂਨ ਦੀ ਭਾਰੀ ਬਾਰਿਸ਼ ਹੋਈ। ਸ਼ਨੀਵਾਰ ਅੱਧੀ ਰਾਤ ਤੋਂ ਬਾਅਦ ਸ਼ੁਰੂ ਹੋਏ ਮੀਂਹ ਕਾਰਨ ਸੂਰਤ ਦੇ ਕਈ ਇਲਾਕਿਆਂ 'ਚ ਪ੍ਰਸ਼ਾਸਨ ਨੂੰ ਕਿਸ਼ਤੀਆਂ ਚਲਾਉਣੀਆਂ ਪਈਆਂ। ਗੋਡੇ ਗੋਡੇ ਪਾਣੀ 'ਚ ਲੋਕਾਂ ਨੂੰ ਘਰਾਂ 'ਚੋਂ ਨਿਕਲਣਾ ਪਿਆ। ਪਾਰਕਿੰਗ ਵਿੱਚ ਖੜੇ ਵਾਹਨ ਅੱਧੇ ਪਾਣੀ ਵਿੱਚ ਡੁੱਬ ਗਏ। ਸੂਰਤ ਦੇ ਪਾਲ ਇਲਾਕੇ 'ਚ ਸੜਕ ਧਸਣ ਦੀ ਖਬਰ ਹੈ। ਰਿੰਗ ਰੋਡ ਸਮੇਤ ਕਈ ਸੜਕਾਂ ਪਾਣੀ ਵਿਚ ਡੁੱਬ ਗਈਆਂ। ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਕਟਾਰਗਾਮ, ਅਖੰਡਾਨੰਦ ਕਾਲਜ, ਵੇਡ ਰੋਡ, ਉਧਨਾ ਗਰਨਾਲਾ, ਮਜੂਰਾ ਗੇਟ, ਅਠਵਾ ਗੇਟ ਅਤੇ ਸਿਵਲ ਹਸਪਤਾਲ ਖੇਤਰਾਂ ਵਿੱਚ ਪਾਣੀ ਭਰ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ।
ਮੌਸਮ ਵਿਭਾਗ ਮੁਤਾਬਕ ਸੂਰਤ ਸ਼ਹਿਰ 'ਚ ਸ਼ਨੀਵਾਰ ਦੇਰ ਰਾਤ ਤੋਂ ਐਤਵਾਰ ਦੁਪਹਿਰ ਤੱਕ ਕਰੀਬ 4.69 ਇੰਚ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਸੂਰਤ ਜ਼ਿਲੇ ਦੇ ਪਲਸਾਨ 'ਚ 5.83 ਇੰਚ, ਬਾਰਡੋਲੀ 'ਚ 5.12 ਇੰਚ, ਕਾਮਰੇਜ 'ਚ 4.53 ਇੰਚ, ਮਹੂਵਾ 'ਚ 4.57 ਇੰਚ, ਓਲਪਾੜ 'ਚ 4.37 ਇੰਚ, ਵਲਸਾਡ ਜ਼ਿਲੇ ਦੇ ਵਾਪੀ 'ਚ 4.61 ਇੰਚ ਮੀਂਹ ਪਿਆ ਹੈ। ਐਤਵਾਰ ਸਵੇਰੇ ਸੂਰਤ ਦੇ ਵਰਾਛਾ ਫੁੱਲ ਬਾਜ਼ਾਰ ਨੇੜੇ ਇਕ ਰਿਕਸ਼ਾ 'ਤੇ ਵੱਡਾ ਦਰੱਖਤ ਡਿੱਗ ਗਿਆ, ਜਿਸ ਕਾਰਨ ਸਲਾਬਤਪੁਰਾ ਉਮਰਵਾੜਾ ਟੇਕਰਾ ਇਲਾਕੇ ਦੇ ਰਹਿਣ ਵਾਲੇ ਹਨੀਫ ਸ਼ੇਖ ਦੀ ਮੌਤ ਹੋ ਗਈ।